ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਕਤੂਬਰ
ਇੱਥੇ ਵੱਖ-ਵੱਖ ਥਾਵਾਂ ’ਤੇ ਪਰਵਾਸੀਆਂ ਨੇ ਛਠ ਪੂਜਾ ਦਾ ਤਿਉਹਾਰ ਮਨਾਇਆ। ਇਸ ਦੌਰਾਨ ਸ਼ਿਮਲਾਪੁਰੀ ਪੁਲੀਸ ਨੇ ਇਲਾਕੇ ’ਚ ਚੱਲ ਰਹੇ ਛਠ ਪੂਜਾ ਦੇ ਸਮਾਗਮ ’ਚ ਪੁੱਜ ਕੇ ਜਬਰੀ ਸਮਾਗਮ ਰੁਕਵਾ ਦਿੱਤਾ। ਇਨ੍ਹਾਂ ਹੀ ਨਹੀਂ ਪੁਲੀਸ ਨੇ ਉੱਥੇ ਸਮਾਗਮ ’ਚ ਚੱਲ ਰਹੇ ਡੀਜੇ ਨੂੰ ਵੀ ਬੰਦ ਕਰਵਾਇਆ। ਲੋਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਲੋਕਾਂ ਨੂੰ ਕਥਿਤ ਧਮਕੀਆਂ ਦਿੱਤੀਆਂ। ਉੱਥੇ ਹਾਜ਼ਰ ਲੋਕ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਮੁਲਾਜ਼ਮਾਂ ਨੇ ਕਥਿਤ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਕਾਰਵਾਈ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਗਿੱਲ ਨਹਿਰ ’ਤੇ ਐਤਵਾਰ ਨੂੰ ਧਾਰਮਿਕ ਕਲੱਬ ਵੱਲੋਂ ਛਠ ਪੂਜਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਘਾਟ ਦੀ ਤਿਆਰੀ ਦੇ ਨਾਲ ਉੱਥੇ ਡੀਜੇ ਵੀ ਲਾਇਆ ਗਿਆ ਸੀ ਜਿਸ ਰਾਹੀਂ ਉੱਚੀ ਆਵਾਜ਼ ’ਚ ਗਾਣੇ ਚਲਾਏ ਜਾ ਰਹੇ ਸਨ। ਇਸੇ ਦੌਰਾਨ ਪੁਲੀਸ ਅਧਿਕਾਰੀ ਸਮਾਗਮ ਵਾਲੇ ਸਥਾਨ ’ਤੇ ਪੁੱਜੇ ਤੇ ਪ੍ਰਬੰਧਕਾਂ ਨੂੰ ਮੰਨਜ਼ੂਰੀ ਦਿਖਾਉਣ ਲਈ ਆਖਿਆ। ਸਮਾਗਮ ਪ੍ਰਬੰਧਕਾਂ ਕੋਲੋਂ ਜਦੋਂ ਕੋਈ ਮੰਨਜ਼ੂਰੀ ਦਸਤਾਵੇਜ਼ ਨਾ ਮਿਲੇ ਤਾਂ ਪੁਲੀਸ ਨੇ ਸਮਾਗਮ ਰੁਕਵਾ ਦਿੱਤਾ।
ਇਸ ਦੀ ਸੂਚਨਾ ਮਿਲਦਿਆਂ ਹੀ ਪੂਰਵਾਂਚਲੀ ਆਗੂ ਉੱਥੇ ਪੁੱਜ ਗਏ। ਉਨ੍ਹਾਂ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਖੇਤਰ ’ਚ ਅਕਸਰ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਉਨ੍ਹਾਂ ਜਾਣਬੁੱਝ ਕੇ ਤੰਗ ਕੀਤਾ ਗਿਆ ਹੈ।
ਬਿਨਾਂ ਆਗਿਆ ਕਰਵਾਇਆ ਜਾ ਰਿਹਾ ਸੀ ਸਮਾਗਮ: ਏਸੀਪੀ
ਏਸੀਪੀ ਸੰਦੀਪ ਵਢੇਰਾ ਨੇ ਕਿਹਾ ਕਿ ਹਰ ਸਾਲ ਛਠ ਪੂਜਾ ਸਮਾਗਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਨਹਿਰ ਦੇ ਈਸ਼ਰ ਨਗਰ ਪੁਲ ’ਤੇ ਇੱਕ ਧਾਰਮਿਕ ਕਲੱਬ ਨੇ ਬਿਨਾਂ ਆਗਿਆ ਸਮਾਗਮ ਕਰਵਾਇਆ ਸੀ, ਜਿਸ ਨੂੰ ਪੁਲੀਸ ਨੇ ਬਾਅਦ ’ਚ ਰੋਕਿਆ।