ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 14 ਜੂਨ
ਇਥੋਂ ਦੇ ਹੈਵਨਲੀ ਪੈਲੇਸ ਵਿੱਚ ਕਾਲਾ ਝੰਡਾ ਲਾਉਣ ਦੇ ਮਾਮਲੇ ’ਤੇ ਕਿਸਾਨ ਯੂਨੀਅਨ ਸਿੱਧੂਪਰ ਦੇ ਸਮਰਥਕਾਂ ਨੇ ਧਰਨਾ ਲਾਇਆ ਤੇ ਅੰਦਰ-ਬਾਹਰ ਜਾਣ ਵਾਲੀ ਆਵਾਜਾਈ ਸੰਪੂਰਨ ਤੌਰ ’ਤੇ ਬੰਦ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਪੈਲੇਸ ਵਿਚ ਰਹਿੰਦੇ ਹਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਕਿਸਾਨੀ ਮੁੱਦੇ ’ਤੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਆਪਣੀ ਬਾਲਕੋਨੀ ਵਿਚ ਰੋਸ ਵਜੋਂ ਕਾਲਾ ਝੰਡਾ ਲਾਇਆ ਸੀ, ਜਿਸ ਕਾਰਨ ਉਸ ਨੂੰ ਪੈਲੇਸ ਦੇ ਪ੍ਰਬੰਧਕਾਂ ਨੇ ਝੰਡਾ ਲਾਹੁਣ ਲਈ ਕਿਹਾ, ਉਪਰੰਤ ਨੋਟਿਸ ਭੇਜ ਕੇ ਕਮਰਾ ਖਾਲੀ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪੈਲੇਸ ਅੰਦਰ ਵੱਖ ਵੱਖ ਧਰਮਾਂ, ਜਾਤਾਂ, ਮਜ਼੍ਹਬਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਹੈ। ਵੱਖ ਵੱਖ ਮੌਕਿਆਂ ਤੇ ਹਵਨ ਕੀਤੇ ਜਾਂਦੇ ਹਨ, ਪਰ ਸਿੱਖ ਜਾਂ ਹੋਰ ਧਰਮਾਂ ਦੀਆਂ ਪ੍ਰੰਪਰਾਵਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ। ਇਸ ਮੌਕੇ ਡੀਐੱਸਪੀ ਹਰਦੀਪ ਸਿੰਘ ਚੀਮਾ ਨੇ ਪੁਲੀਸ ਫੋਰਸ ਨਾਲ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ। ਅੰਤ ਵਿਚ ਪੈਲੇਸ ਦੇ ਪ੍ਰਬੰਧਕਾਂ ਵੱਲੋਂ ਸ਼ਿਕਾਇਤਕਰਤਾ ਨੂੰ ਕਮਰਾ ਖਾਲੀ ਕਰਨ ਦੇ ਹੁਕਮ ਵਾਪਸ ਲੈਣ ’ਤੇ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਬੂਟਾ ਸਿੰਘ ਨੇ ਕਿਹਾ ਕਿ ਜੇ ਅਸੀਂ ਕਿਸਾਨੀ ਮੁੱਦੇ ਤੇ ਆਪਣੇ ਘਰ ਅੰਦਰ ਹੀ ਇਨਸਾਫ਼ ਨਾ ਲੈ ਸਕੇ ਤਾਂ ਦਿੱਲੀ ਸਮੇਤ ਹੋਰ ਥਾਵਾਂ ’ਤੇ ਲੱਗੇ ਧਰਨਿਆਂ ਤੇ ਕਿਵੇਂ ਫ਼ਤਹਿ ਹਾਸਲ ਕਰ ਸਕਾਂਗੇ।