ਗਗਨ ਅਰੋੜਾ
ਲੁਧਿਆਣਾ, 23 ਜੂਨ
ਸਨਅਤੀ ਸ਼ਹਿਰ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਬੀਤੀ ਦੇਰ ਸ਼ਾਮ ਪੀ.ਐਮ.ਡੀ.ਆਈ.ਸੀ. ਦੀ ਸੀ.ਈ.ਓ. ਈਸ਼ਾ ਕਾਲੀਆ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਨਾਲ ਹਲਕਾ ਲੁਧਿਆਣਾ ਉੱਤਰੀ ਵਿੱਚ ਪੈਂਦੇ ਬੁੱਢੇ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ।
ਵਿਧਾਇਕ ਬੱਗਾ ਵੱਲੋਂ ਬਰਸਾਤੀ ਮੌਸਮ ਦੌਰਾਨ ਬੁੱਢੇ ਨਾਲੇ ਦੇ ਨਾਲ ਲੱਗਦੇ ਇਲਾਕਿਆਂ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ। ਆਗਾਮੀ ਬਰਸਾਤੀ ਮੌਸਮ ਸਬੰਧੀ ਅਗਾਉੂਂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਮੀਂਹ ਵਾਲੇ ਦਿਨਾਂ ਦੌਰਾਨ ਸੀਵਰੇਜ ਦੀ ਸਮੱਸਿਆ ਕਰਕੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਇਲਾਕੇ ਵਿੱਚ ਬਦਬੂ ਫੈਲ ਜਾਂਦੀ ਹੈ। ਵਿਧਾਇਕ ਬੱਗਾ ਨੇ ਕਿਹਾ ਕਿ ਹਲਕੇ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹਲਕਾ ਉੱਤਰੀ ਵਿੱਚ ਪੈਂਦੇ ਬੁੱਢੇ ਨਾਲੇ ਦੇ ਨਾਲ-ਨਾਲ ਪਈ ਖਾਲੀ ਜ਼ਮੀਨ ’ਤੇ ਛਾਂਦਾਰ ਰੁੱਖ ਵੀ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਬੁੱਢੇ ਨਾਲੇ ਦੀ ਸਫ਼ਾਈ ਲਗਾਤਾਰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ। ਨਾਲੇ ਵਿੱਚੋਂ ਨਿਕਲਣ ਵਾਲਾ ਸਾਰਾ ਕੂੜਾ ਗੱਡੀਆਂ ਲਗਾ ਕੇ ਕੂੜਾ ਘਰ ਭੇਜਿਆ ਜਾ ਰਿਹਾ ਹੈ ਤਾਂ ਕਿ ਬਰਸਾਤੀ ਦਿਨਾਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਬਰਸਾਤੀ ਸੀਜ਼ਨ ਹੋਣ ਕਾਰਨ ਸਭ ਤੋਂ ਪਹਿਲਾਂ ਮਕਸਦ ਲੋਕਾਂ ਨੂੰ ਗੰਦੇ ਪਾਣੀ ਦੇ ਓਵਰਫਲੋਅ ਤੋਂ ਬਚਾਉਣਾ ਹੈ ਕਿਉਂਕਿ ਹਰ ਵਾਰ ਇਸ ਨਾਲੇ ਤੋਂ ਪਾਣੀ ਓਵਰਫਲੋਅ ਹੋ ਜਾਂਦਾ ਹੈ ਤੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਨੁਕਸਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬਰਸਾਤੀ ਸੀਜ਼ਨ ਵਿੱਚ ਅਜਿਹਾ ਕੁੱਝ ਨਾ ਹੋਵੇ।