ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 28 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪੱਖੋਵਾਲ ਤੇ ਬਲਾਕ ਰਾਏਕੋਟ ਦੇ ਕਾਰਕੁਨਾਂ ਨੇ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਮੀਟਿੰਗ ਕੀਤੀ, ਜਿਸ ਦੀ ਸ਼ੁਰੂਆਤ ਵਿੱਚ ਬੀਤੇ ਦਿਨੀਂ ਵਿਛੋੜਾ ਦੇ ਗਏ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਬ ਅਤੇ ਕਿਸਾਨ ਲਹਿਰ ਦੇ ਹੋਰਨਾਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਕਿਸਾਨ ਮਸਲਿਆਂ ਲਈ ਹਮਦਰਦ ਜਥੇਬੰਦੀਆਂ ਨੂੰ ਇਕੱਠੇ ਹੋਣ ਦਾ ਹੋਕਾ ਦਿੱਤਾ। ਮੁੱਖ ਬੁਲਾਰੇ ਵਜੋਂ ਬੋਲਦਿਆਂ ਕੰਵਲਜੀਤ ਖੰਨਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਕੂਮਤੀ ਪਾਰਟੀਆਂ ਦੇ ਆਈਟੀ ਸੈੱਲ ਪਾਣੀ ਦੇ ਖ਼ਾਤਮੇ ਲਈ ਅਤੇ ਫ਼ਸਲਾਂ ਦੇ ਨਾੜ ਨੂੰ ਅੱਗ ਲਾਉਣ ਲਈ ਕਿਸਾਨਾਂ ਨੂੰ ਦੋਸ਼ੀ ਕਰਾਰ ਦੇ ਰਹੇ ਹਨ ਜਦੋਂ ਕਿ ਇਸ ਲਈ ਹਰੇ ਇਨਕਲਾਬ ਦਾ ਸਾਮਰਾਜੀ ਮਾਡਲ ਜ਼ਿੰਮੇਵਾਰ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਬਲਾਕ ਸਕੱਤਰ ਤਾਰਾ ਸਿੰਘ ਅੱਚਰਵਾਲ, ਸਤਬੀਰ ਸਿੰਘ ਬੋਪਾਰਾਏ, ਧਰਮ ਸਿੰਘ ਸੂਜਾਪੁਰ, ਦਲਜੀਤ ਸਿੰਘ ਬਿੱਲੂ, ਸਰਬਜੀਤ ਸਿੰਘ ਅਤੇ ਹਰਬਖ਼ਸ਼ੀਸ਼ ਸਿੰਘ ਚੱਕ ਭਾਈ ਕਾ ਆਦਿ ਕਿਸਾਨ ਆਗੂ ਹਾਜ਼ਰ ਸਨ।