ਪੱਤਰ ਪ੍ਰੇਰਕ
ਜਗਰਾਉਂ, 29 ਜੁਲਾਈ
ਨਗਰ ਕੌਂਸਲ ਜਗਰਾਉਂ ਨੂੰ ਕੂੜਾ ਚੁੱਕਣ ਲਈ ਨਵੀਆਂ ਗੱਡੀਆਂ ਮਿਲੀਆਂ ਹਨ ਜਿਨ੍ਹਾਂ ਦੀਆਂ ਚਾਬੀਆਂ ਨਗਰ ਕੌਂਸਲ ਦੇ ਅਮਲੇ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸੌਂਪੀਆਂ। ਵੱਖ-ਵੱਖ ਵਾਰਡਾਂ ਨਾਲ ਸਬੰਧਤ ਕੌਂਸਲਰਾਂ ਨੇ ਇਸ ਖਾਸ ਉੱਦਮ ਲਈ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ।
ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਨਗਰ ਕੌਂਸਲਾਂ, ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਯਤਨ ਜਾਰੀ ਹਨ। ਇਸੇ ਲੜੀ ਤਹਿਤ ਨਗਰ ਕੌਂਸਲ ਜਗਰਾਉਂ ਨੂੰ ਅਤਿ-ਅਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਜੰਗੀ ਪੱਧਰ ’ਤੇ ਕੰਮ ਹੋ ਰਿਹਾ ਹੈ ਜਿਸਦੇ ਹਾਂ ਪੱਖੀ ਸਿੱਟੇ ਭਵਿੱਖ ਵਿੱਚ ਸਾਹਮਣੇ ਆਉਣਗੇ। ਉਨ੍ਹਾਂ ਆਖਿਆ ਕਿ ਸ਼ਹਿਰ ਚੋਂ ਕੂੜਾ ਚੁੱਕਣ ਲਈ ਤਿੰਨ ਟਾਟਾ ਕੰਪਨੀ ਦੀਆਂ ‘ਏਸ’ ਮਾਡਲ ਗੱਡੀਆਂ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਕੰਮ ਅਰੰਭ ਕਰ ਦੇਣਗੀਆਂ । ਉਨ੍ਹਾਂ ਦੱਸਿਆ ਕਿ ਇਨਾਂ ਗੱਡੀਆਂ ਵਿੱਚ ਗਿੱਲਾ-ਸੁੱਕਾ ਕੂੱੜਾ ਚੁੱਕਣ ਦਾ ਵੱਖ-ਵੱਖ ਪ੍ਰਬੰਧ ਹੋਵੇਗਾ ਅਤੇ ਤੰਗ ਗਲੀਆਂ ’ਚੋਂ ਵੀ ਕੂੜਾ ਚੁੱਕਣ ’ਚ ਦਰਪੇਸ਼ ਮੁਸ਼ਕਿਲਾਂ ਵੀ ਇਨ੍ਹਾਂ ਵਾਹਨਾਂ ਨਾਲ ਦੂਰ ਹੋਣਗੀਆਂ।