ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਸਤੰਬਰ
ਮੀਂਹ ਪੈਣ ਮਗਰੋਂ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਮੌਸਮ ਦਾ ਮਿਜ਼ਾਜ ਹੁਣ ਬਦਲਦਾ ਨਜ਼ਰ ਆ ਰਿਹਾ ਹੈ। ਪਿਛਲੇ ਇੱਕ-ਦੋ ਦਿਨ ਤੋਂ ਸਵੇਰ ਸਮੇਂ ਮੌਸਮ ਵਿੱਚ ਠੰਢਕ ਮਹਿਸੂਸ ਹੋਣ ਲੱਗੀ ਹੈ। ਸਵੇਰ ਦਾ ਤਾਪਮਾਨ ਜਿਹੜਾ 20 ਤੋਂ 25 ਡਿਗਰੀ ਦਰਮਿਆਨ ਰਹਿੰਦਾ ਸੀ, ਹੁਣ ਉਹ ਘੱਟ ਕੇ 18 ਤੋਂ 20 ਡਿਗਰੀ ਤੱਕ ਆ ਗਿਆ ਹੈ। ਤੜਕੇ ਚਾਰ ਤੋਂ 6 ਵਜੇ ਦੌਰਾਨ ਠੰਢ ਮਹਿਸੂਸ ਹੋਣ ਲਗਦੀ ਹੈ। ਹਾਲਾਂਕਿ ਸਾਢੇ ਛੇ ਵਜੇ ਧੁੱਪ ਨਿਕਲਣ ਤੋਂ ਬਾਅਦ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅਗਲੇ ਹਫ਼ਤੇ ਤੋਂ ਮੌਸਮ ਦਾ ਮਿਜ਼ਾਜ ਇਕਦਮ ਬਦਲ ਜਾਵੇਗਾ। ਇਸ ਦੌਰਾਨ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 3 ਅਕਸਤੂਬਰ ਤੱਕ ਮੌਸਮ ਸਾਫ਼ ਰਹੇਗਾ ਤੇ ਮੀਂਹ ਦੇ ਬਿਲਕੁਲ ਵੀ ਆਸਾਰ ਨਹੀਂ ਹਨ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਮੌਨਸੂਨ ਦੀ ਵਿਦਾਈ ਅਗਲੇ 24 ਘੰਟਿਆਂ ਵਿੱਚ ਹੋ ਜਾਵੇਗੀ। ਸ਼ੁਕਰਵਾਰ ਸਵੇਰ ਦਾ ਤਾਪਮਾਨ 20 ਡਿਗਰੀ ਤੇ ਦਿਨ ਵੇਲੇ ਦਾ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ। ਸ਼ਾਮ ਵੇਲੇ ਇਹ ਤਾਪਮਾਨ ਘੱਟਦਾ ਹੋਇਆ 29 ਡਿਗਰੀ ਤੱਕ ਪੁੱਜ ਗਿਆ।