ਪੱਤਰ ਪ੍ਰੇਰਕ
ਜਗਰਾਉਂ, 6 ਸਤੰਬਰ
ਪੁਲੀਸ ਥਾਣਾ ਸਿੱਧਵਾਂ ਬੇਟ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਿੱਧਵਾਂ ਬੇਟ ਦੀ ਦਰੱਖਤ ਪੁੱਟਣ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਿੰਡ ਰਾਊਵਾਲ ਦੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਗ੍ਰਿਫਤਾਰੀ ਲਈ ਯਤਨ ਆਰੰਭ ਦਿੱਤੇ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਜੀਤ ਸਿੰਘ ਬੱਗਾ ਨੇ ਲਿਖਤੀ ਸ਼ਿਕਾਇਤ ਕਰਦਿਆਂ ਦੱਸਿਆ ਕਿ ਬਲਾਕ ਦੇ ਪਿੰਡ ਰਾਊਵਾਲ ਦੇ ਵਸਨੀਕ ਇਕਬਾਲ ਸਿੰਘ ਨੇ ਪੰਚਾਇਤੀ ਰਸਤੇ ’ਚ ਖੜ੍ਹੇ ਦਰੱਖਤ ਪੰਚਾਇਤ ਅਤੇ ਵਿਭਾਗ ਨੂੰ ਭਰੋਸੇ ’ਚ ਲਏ ਬਿਨਾਂ ਵੱਢ ਲਏ। ਇਨ੍ਹਾਂ ਦੀ ਜਾਣਕਾਰੀ ਪੰਚਾਇਤ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਿੱਧਵਾਂ ਬੇਟ ਨੂੰ ਦਿੱਤੀ ਗਈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਜੀਤ ਸਿੰਘ ਬੱਗਾ ਨੇ ਇਸ ਦੀ ਜਾਂਚ ਕਰਦਿਆਂ ਇਕਬਾਲ ਸਿੰਘ ਖ਼ਿਲਾਫ਼ 379 ਆਈ.ਪੀ.ਸੀ ਅਧੀਨ ਕੇਸ ਦਰਜ ਕਰਵਾਇਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਟੀਮ ਦਾ ਗਠਨ ਕੀਤਾ ਗਿਆ ਹੈ। ਬਲਜੀਤ ਸਿੰਘ ਬੱਗਾ ਨੇ ਕਿਹਾ ਕਿ ਦਰੱਖਤ ਕੱਟਣੇ ਜ਼ੁਰਮ ਤਾਂ ਹੈ ਹੀ ਦੂਸਰਾ ਪੰਚਾਇਤੀ ਰਸਤੇ ’ਚੋਂ ਪੰਚਾਇਤ ਅਤੇ ਵਿਭਾਗ ਦੀ ਜਾਣਕਾਰੀ ਬਿਨਾਂ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣਾ ਹੋਰ ਵੀ ਵੱਡਾ ਅਪਰਾਧ ਹੈ। ਪੁਲੀਸ ਨੇ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।