ਪੱਤਰ ਪ੍ਰੇਰਕ
ਪਾਇਲ, 29 ਅਕਤੂਬਰ
ਇੱਥੋਂ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਾਇਲ ਦੀ ਪ੍ਰਧਾਨਗੀ ਚੋਣ ਦਾ ਮਾਮਲਾ ਦੋਵਾਂ ਧਿਰਾਂ ਦੇ 10 ਮੈਂਬਰ ਹਾਜ਼ਰ ਹੋਣ ਦੇ ਬਾਵਜੂਦ ਫਿਰ ਲਟਕ ਗਿਆ। ਇਹ ਖੇਤੀਬਾੜੀ ਸਹਿਕਾਰੀ ਸਭਾ ਤਿੰਨ ਪਿੰਡਾਂ ਪਾਇਲ, ਗੋਬਿੰਦਪੁਰਾ ਅਤੇ ਮਾਜਰੀ ਦੀ ਸਾਂਝੀ ਹੈ, ਜਿਸ ਦੇ ਕੁੱਲ 11 ਮੈਂਬਰ ਹਨ। ਖੇਤੀਬਾੜੀ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੀ ਚੋਣ ਲਈ ਸਭਾ ਦੇ ਸਕੱਤਰ ਨਰਿੰਦਰਪਾਲ ਸਿੰਘ ਵੱਲੋਂ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਮਤਾ ਪਾਇਆ ਗਿਆ ਸੀ ਪਰ ਇੱਥੇ ਸਭਾ ਦੇ 10 ਮੈਂਬਰ ਤਾਂ ਹਾਜ਼ਰ ਹੋਏ ਪਰ ਸੈਕਟਰੀ ਅਤੇ ਹੋਰ ਚੋਣ ਕਰਵਾਉਣ ਲਈ ਕੋਈ ਵੀ ਅਧਿਕਾਰੀ ਨਾ ਪੁੱਜਿਆ। ਇਸ ਕਰਕੇ ਦੋਨਾਂ ਧਿਰਾਂ ਦੇ ਚੁਣੇ ਹੋਏ ਮੈਂਬਰ ਹੈਰਾਨ ਪ੍ਰੇਸ਼ਾਨ ਹੋਏ। ਜਦੋਂ ਸਕੱਤਰ ਨਾਲ ਫੋਨ ’ਤੇ ਗੱਲ ਕਰਨੀ ਚਾਹੀਂ ਤਾਂ ਉਸ ਦਾ ਫੋਨ ਬੰਦ ਆਇਆ। 10 ਚੁਣੇ ਹੋਏ ਮੈਂਬਰਾਂ ਦਾ ਕਹਿਣਾ ਹੈ ਕਿ ਜੇ ਸਕੱਤਰ ਬੀਮਾਰ ਸੀ ਤਾਂ ਉਹ ਆਪਣੀ ਜਗ੍ਹਾ ਕਿਸੇ ਹੋਰ ਸੈਕਟਰੀ ਨੂੰ ਭੇਜਦਾ ਪਰ ਉਸ ਦੇ ਗੈਰਹਾਜ਼ਰ ਹੋਣ ਪਿੱਛੇ ਹਲਕਾ ਵਿਧਾਇਕ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਮੌਕੇ ਚੁਣੇ ਗਏ ਮੈਂਬਰਾਂ ਚੋਂ ਇੱਕ ਧੜੇ ਦੇ ਕਾਂਗਰਸ ਦੇ ਰਮਲਜੀਤ ਸਿੰਘ ਗਰਚਾ ਤੇ ਭੁਪਿੰਦਰ ਸਿੰਘ, ਜਸਵੀਰ ਕੌਰ, ‘ਆਪ’ ਦੀ ਸਤਿੰਦਰ ਕੌਰ ਮਾਜਰੀ ਤੇ ਸਰੂਪ ਸਿੰਘ ਅਤੇ ਦੂਜੇ ਧੜੇ ਦੇ ਅਕਾਲੀ ਦਲ ਵੱਲੋਂ ਮਨਦੀਪ ਸਿੰਘ ਚੀਮਾ, ਕਾਂਗਰਸ ਦੇ ਗੁਰਜੀਤ ਸਿੰਘ ਮਾਜਰੀ, ‘ਆਪ’ ਦੇ ਮਨਜੀਤ ਸਿੰਘ, ਨਰਿੰਦਰ ਸਿੰਘ ਨਿੰਦਾ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ ਅਤੇ 11ਵਾਂ ਮੈਂਬਰ ਮੰਗਤ ਸਿੰਘ ਗੋਬਿੰਦਪੁਰਾ ਗੈਰ ਹਾਜ਼ਰ ਰਿਹਾ। ਜਦੋਂ ਇਸ ਸਬੰਧੀ ਏਆਰ ਪਾਇਲ ਯੋਧਵੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਫੋਨ ਚੁੱਕਣਾ ਮੁਨਾਸਬਿ ਨਾ ਸਮਝਿਆ।