ਗਗਨਦੀਪ ਅਰੋੜਾ
ਲੁਧਿਆਣਾ, 13 ਜੂਨ
ਸਰਕਾਰ ਵੱਲੋਂ ਵੀਕਐਂਡ ਲੌਕਡਾਊਨ ਦੇ ਦਿੱਤੇ ਗਏ ਹੁਕਮਾਂ ਦੇ ਭੰਬਲਭੂਸੇ ਵਿਚ ਫਸੇ ਹੋਣ ਕਾਰਨ ਸ਼ਨਿਚਰਵਾਰ ਨੂੰ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਹੀ ਰਹੇ। ਸਰਕਾਰ ਨੇ ਪਹਿਲਾਂ ਸ਼ਨਿਚਰਵਾਰ ਤੇ ਐਤਵਾਰ ਲੌਕਡਾਊਨ ਲਗਾਉਣ ਦੇ ਹੁਕਮ ਦਿੱਤੇ ਸਨ, ਪਰ ਬੀਤੇ ਦਿਨੀਂ ਸਰਕਾਰ ਨੇ ਕੁਝ ਫੈਸਲੇ ਬਦਲੇ ਤੇ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਤੱਕ ਬਾਜ਼ਾਰ ਖੁੱਲ੍ਹਣ ਦੀ ਮੰਨਜ਼ੂਰੀ ਦੇ ਦਿੱਤੀ ਸੀ। ਇਸੇ ਭੰਬਲਭੂਸੇ ਦੇ ਚਲਦੇ ਸ਼ਹਿਰ ਦੇ ਕਈ ਬਾਜ਼ਾਰ ਤਾਂ ਸਵੇਰ ਤੋਂ ਹੀ ਬੰਦ ਦਿਖੇ। ਬਾਜ਼ਾਰ ਬੰਦ ਹੋਣ ਕਾਰਨ ਸ਼ਹਿਰ ’ਚ ਰੌਣਕ ਵੀ ਘੱਟ ਸੀ। ਸਰਕਾਰ ਦੇ ਇਸ ਫੈਸਲੇ ਕਾਰਨ ਕਾਰੋਬਾਰੀਆਂ ਤੇ ਦੁਕਾਨਦਾਰਾਂ ’ਚ ਵੀ ਰੋਸ ਦੇਖਣ ਨੂੰ ਮਿਲਿਆ। ਗਾਂਧੀ ਨਗਰ ਮਾਰਕੀਟ ਦੇ ਦੁਕਾਨਦਾਰ ਅਨੁਜ ਬਹਿਲ ਨੇ ਦੱਸਿਆ ਕਿ ਸਰਕਾਰ ਸਹੀ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਾ ਰਹੀ ਹੈ। ਲੋਕਾਂ ਤੱਕ ਫੈਸਲਾ ਨਾ ਪੁੱਜਣ ਕਾਰਨ ਸ਼ਹਿਰ ਦੇ ਅੱਧੇ ਬਾਜ਼ਾਰ ਬੰਦ ਰਹੇ। ਸਰਕਾਰ ਸ਼ਨਿਚਰਵਾਰ ਤੇ ਐਤਵਾਰ ਨੂੰ ਲੌਕਡਾਊਨ ਕਰਨ ਦੀ ਬਜਾਏ ਕਿਸੇ ਦੂਸਰੇ ਦਿਨ ਬੰਦ ਕਰਵਾ ਦੇਵੇ। ਬਸਤੀ ਜੋਧੇਵਾਲ ਮਾਰਕੀਟ ਦੇ ਅਨਿਲ ਅਰੋੜਾ ਸੋਨੂੰ ਨੇ ਦੱਸਿਆ ਕਿ ਸਰਕਾਰ ਦਾ ਕਹਿਣਾ ਹੈ ਕਿ ਬਾਜ਼ਾਰ ਖੁੱਲ੍ਹਣਗੇ, ਪਰ ਲੋਕਾਂ ਦੀ ਆਵਾਜਾਈ ਘੱਟ ਹੋਵੇਗੀ। ਜੇਕਰ ਲੋਕਾਂ ਦੀ ਆਵਾਜਾਈ ਘੱਟ ਰੱਖਣੀ ਹੈ ਤਾਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਕੀ ਫਾਇਦਾ। ਸਰਕਾਰ ਦੇ ਹੁਕਮਾਂ ਨੂੰ ਸੁਣ ਕੇ ਗਾਹਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਜੇ ਅੱਗੇ ਵੀ ਅਜਿਹਾ ਰਿਹਾ ਤਾਂ ਕੰਮ ਚੱਲਣ ’ਚ ਕਾਫ਼ੀ ਮੁਸ਼ਕਲ ਹੋਵੇਗੀ।
ਸ਼ਰਾਬ ਦੇ ਸ਼ੌਕੀਨ ਵੀ ਤੰਗ
ਮਾਛੀਵਾੜਾ: ਪੰਜਾਬ ਸਰਕਾਰ ਨੇ ਹਰੇਕ ਐਤਵਾਰ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਬਿਲਕੁਲ ਬੰਦ ਰੱਖਣ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਅਤੇ ਨਾਲ ਆਵਾਜਾਈ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਸਰਕਾਰ ਦੇ ਇਸ ਉਲਝਣ ਭਰੇ ਫੈਸਲਿਆਂ ’ਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਨੇ ਵਿਅੰਗ ਕੱਸਦਿਆਂ ਕਿਹਾ ਕਿ ਜੇ ਐਤਵਾਰ ਨੂੰ ਉਨ੍ਹਾਂ ਨੂੰ ਠੇਕੇ ਤੋਂ ਸ਼ਰਾਬ ਲੈਣ ਜਾਣਾ ਪਵੇ ਤਾਂ ਕੀ ਉਨ੍ਹਾਂ ਨੂੰ ਈ-ਪਾਸ ਬਣਾਉਣਾ ਪਵੇਗਾ।
ਦੁਕਾਨਾਂ ਖੁੱਲ੍ਹੀਆਂ, ਆਵਾਜਾਈ ’ਤੇ ਰੋਕ, ਬਾਜ਼ਾਰਾਂ ਵਿੱਚੋਂ ਗਾਹਕ ਗਾਇਬ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ’ਚ ਕਰੋਨਾਵਾਇਰਸ ਦੇ ਵਧਦਿਆਂ ਮਾਮਲਿਆਂ ਕਾਰਨ ਸਰਕਾਰ ਵੱਲੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਲੌਕਡਾਊਨ ਸਬੰਧੀ ਕੀਤੇ ਉਲਝਣ ਭਰੇ ਐਲਾਨਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਬੇਸ਼ੱਕ ਸ਼ੁੱਕਰਵਾਰ ਸ਼ਾਮ ਨੂੰ ਸਰਕਾਰ ਵੱਲੋਂ ਇਸ ਨਵੇਂ ਲੌਕਡਾਊਨ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਉਸ ’ਚ ਸ਼ਨਿਚਵਾਰ ਨੂੰ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਆਦੇਸ਼ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਸਰਕਾਰ ਆਵਾਜਾਈ ’ਤੇ ਰੋਕ ਲਗਾ ਰਹੀ ਹੈ ਅਤੇ ਜੇ ਸੜਕਾਂ ’ਤੇ ਆਵਾਜਾਈ ਨਹੀਂ ਹੋਵੇਗੀ ਤਾਂ ਗਾਹਕ ਕਿਸ ਤਰ੍ਹਾਂ ਬਜ਼ਾਰਾਂ ਵਿਚ ਆਉਣਗੇ। ਅੱਜ ਇੱਥੇ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਸਨ ਪਰ ਗਾਹਕਾਂ ਦੀ ਰੌਣਕ ਬਿਲਕੁਲ ਗਾਇਬ ਸੀ। ਸਰਕਾਰ ਵਲੋਂ ਆਵਾਜਾਈ ’ਤੇ ਰੋਕ ਹੋਣ ਕਾਰਨ ਪਿੰਡਾਂ ’ਚੋਂ ਲੋਕ ਮਾਛੀਵਾੜਾ ਸ਼ਹਿਰ ’ਚ ਸਾਮਾਨ ਖਰੀਦਣ ਨਹੀਂ ਆਏ। ਸੁੰਨੇ ਪਏ ਬਜ਼ਾਰਾਂ ’ਚ ਵਿਹਲੇ ਬੈਠੇ ਦੁਕਾਨਦਾਰਾਂ ਨੇ ਕਿਹਾ ਕਿ ਇੱਕ ਤਾਂ ਉਹ ਕਰੋਨਾ ਕਾਰਨ ਪ੍ਰੇਸ਼ਾਨ ਹਨ ਅਤੇ ਉਪਰੋਂ ਪੰਜਾਬ ਸਰਕਾਰ ਦੇ ਉਲਝਣ ਭਰੇ ਫੈਸਲੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੰਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਅੱਜ ਬਜ਼ਾਰਾਂ ’ਚ ਗਾਹਕ ਬਿਲਕੁਲ ਨਹੀਂ ਹੈ, ਉਹ ਸਵੇਰ ਤੋਂ ਵਿਹਲੇ ਬੈਠੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਉਹ ਫੈਸਲੇ ਲਵੇ ਜਿਸ ਨਾਲ ਕਰੋਨਾ ਨੂੰ ਨੱਥ ਪਵੇ ਤੇ ਕਾਰੋਬਾਰ ਵੀ ਚਲਦੇ ਰਹਿਣ।
ਸ਼ਹਿਰ ਦੇ ਅੱਧੇ ਬਾਜ਼ਾਰ ਰਹੇ ਬੰਦ
ਲੁਧਿਆਣਾ: ਸ਼ਹਿਰ ਵਿਚ ਸਰਕਾਰ ਦੇ ਹੁਕਮ ਸਹੀ ਤਰੀਕੇ ਨਾਲ ਲੋਕਾਂ ਤੱਕ ਨਹੀਂ ਪੁੱਜੇ, ਜਿਸ ਕਾਰਨ ਸ਼ਹਿਰ ਦੇ ਅੱਧੇ ਬਾਜ਼ਾਰ ਬੰਦ ਰਹੇ। ਸਨਅਤੀ ਸ਼ਹਿਰ ਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਘੁਮਾਰ ਮੰਡੀ, ਪੱਖੋਵਾਲ ਰੋਡ, ਮਾਡਲ ਟਾਊਨ ਸਣੇ ਕਈ ਬਾਜ਼ਾਰਾਂ ਦੀਆਂ ਦੁਕਾਨਾਂ ਸਵੇਰੇ ਤੋਂ ਹੀ ਬੰਦ ਸੀ। ਲੋਕਾਂ ਦੀ ਬਾਜ਼ਾਰਾਂ ਵਿਚ ਆਵਾਜਾਈ ਵੀ ਬਹੁਤ ਘੱਟ ਸੀ।