ਗੁਰਿੰਦਰ ਸਿੰਘ
ਲੁਧਿਆਣਾ, 8 ਅਗਸਤ
ਗਿੱਲ ਰੋਡ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਇਕ ਹਿੱਸੇ ਦਾ ਲੈਂਟਰ ਡਿੱਗਣ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਮਾਰਤ ਦੀ ਖਸਤਾ ਹਾਲਤ ਵੇਖ ਕੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਰਾਤ ਸਮੇਂ ਨਗਰ ਨਿਗਮ ਦੇ ਚੁੰਗੀ ਦੇ ਪੁਰਾਣੇ ਦਫ਼ਤਰ ਦੀ ਇਕਨੁੱਕਰ ਡਿੱਗ ਪਈ, ਜਿਸ ਕਾਰਨ ਪਹਿਲੀ ਮੰਜ਼ਿਲ ਵਾਲੇ ਕਮਰੇ ਵਿੱਚ ਪਿਆ ਸਾਰਾ ਰਿਕਾਰਡ ਜ਼ਮੀਨ ’ਤੇ ਆ ਗਿਆ। ਰਾਤ ਦਾ ਸਮਾਂ ਹੋਣ ਕਰਕੇ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ। ਤਕਰੀਬਨ 50 ਸਾਲ ਪਹਿਲਾਂ ਬਣੀ ਇਸ ਮਾਰਕੀਟ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ, ਜਿਸ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਇੱਥੇ ਪਹਿਲੀ ਮੰਜ਼ਿਲ ’ਤੇ ਸਰਕਾਰੀ ਦਫ਼ਤਰ ਹਨ ਜਦਕਿ ਹੇਠਾਂ ਦੁਕਾਨਾਂ ਅਤੇ ਨਿੱਜੀ ਦਫ਼ਤਰ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਦੱਸਿਆ ਕਿ ਸਾਰੀ ਬਿਲਡਿੰਗ ਖਸਤਾ ਹਾਲਤ ਵਿੱਚ ਹੈ ਕਿਉਂਕਿ ਪਿਛਲੇ 50 ਸਾਲ ਦੌਰਾਨ ਇਸ ਇਮਾਰਤ ਦੀ ਇਕ ਵਾਰ ਵੀ ਮੁਰੰਮਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਅਕਸਰ ਵੇਲੇ ਕੁਵੇਲੇ ਲੈਂਟਰ ਡਿੱਗਦਾ ਹੀ ਰਹਿੰਦਾ ਹੈ। ਸਲੂਜਾ ਨੇ ਨਗਰ ਨਿਗਮ ਦੇ ਕਮਿਸ਼ਨਰ ਤੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਬੇਨਤੀ ਕੀਤੀ ਹੈ ਕਿ ਉਹ ਖੁਦ ਆ ਕੇ ਮੌਕਾ ਵੇਖਣ ਅਤੇ ਜਲਦ ਤੋਂ ਜਲਦ ਇਮਾਰਤ ਦੀ ਮੁਰੰਮਤ ਸ਼ੁਰੂ ਕਰਵਾਉਣ ਨਹੀਂ ਤਾਂ ਮਾਰਕੀਟ ਐਸੋਸੀਏਸ਼ਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਸਮੇਂ ਰਾਜਿੰਦਰ ਸਿੰਘ ਡੰਗ, ਰਜੀਵ ਬਾਂਸਲ, ਜਤਿੰਦਰ ਸਿੰਘ ਬੌਬੀ, ਦਮਨਦੀਪ ਸਿੰਘ ਸਲੂਜਾ, ਗੁਰਜੋਤ ਸਿੰਘ ਖਾਲਸਾ, ਬਾਊ ਰਾਮਲਾਲ, ਤਰਨਜੀਤ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਡੰਗ, ਤਰਲੋਚਨ ਸਿੰਘ ਸਹਾਰਾ ਵੀ ਹਾਜ਼ਰ ਸਨ।
ਕੀ ਕਹਿੰਦੇ ਹਨ ਨਿਗਮ ਦੇ ਅਧਿਕਾਰੀ
ਨਗਰ ਨਿਗਮ ਜ਼ੋਨ ਸੀ ਦੇ ਜੁਆਇੰਟ ਕਮਿਸ਼ਨਰ ਨੀਰਜ ਜੈਨ ਨੇ ਦੱਸਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿੱਚ ਇਕ ਹਿੱਸੇ ਦਾ ਲੈਂਟਰ ਡਿੱਗਣ ਸਬੰਧੀ ਮਾਰਕੀਟ ਦੀ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਸਬੰਧ ਵਿੱਚ ਮੈਂਟੀਨੈਂਸ ਬਰਾਂਚ ਦੇ ਸੁਪਰਡੈਂਟ ਦੀ ਅਗਵਾਈ ਹੇਠ ਇਕ ਟੀਮ ਦੀ ਡਿਊਟੀ ਲਗਾਈ ਗਈ ਹੈ ਜੋ ਇਲਾਕੇ ਦਾ ਦੌਰਾ ਕਰੇਗੀ। ਉਨ੍ਹਾਂ ਦੱਸਿਆ ਕਿ ਇਮਾਰਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।