ਗੁਰਿੰਦਰ ਸਿੰਘ
ਲੁਧਿਆਣਾ, 27 ਜੁਲਾਈ
ਬੈਸਟ ਪ੍ਰਾਈਸ ਮੁਲਾਜ਼ਮ ਯੂਨੀਅਨ ਵੱਲੋਂ ਚੰਡੀਗੜ੍ਹ ਰੋਡ ਮੁੰਡੀਆਂ ਖੁਰਦ ਸਥਿਤ ਬੈਸਟ ਪ੍ਰਾਈਸ ਸਟੋਰ ਅੱਗੇ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। ਇਹ ਮਾਮਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਯੂਨੀਅਨ ਆਗੂ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਜਥੇਬੰਦੀ ਨੇ ਪ੍ਰਬੰਧਕਾਂ ਨੂੰ 29 ਜੁਲਾਈ ਤੱਕ ਮੰਗਾਂ ਮੰਨਣ ਦਾ ਸਮਾਂ ਦਿੱਤਾ ਹੋਇਆ ਹੈ ਜਿਸ ਕਰਕੇ ਉਨ੍ਹਾਂ ਦੇ ਸਟੋਰ ਦਾ ਗੇਟ ਛੱਡਿਆ ਹੋਇਆ ਹੈ ਜਦਕਿ ਧਰਨਾ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਕਿਸੇ ਫ਼ੈਸਲੇ ’ਤੇ ਨਹੀਂ ਪੁੱਜਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਲਗਾਤਾਰ ਹਮਾਇਤ ਕਰਨ ਦੇ ਐਲਾਨ ਕਰਕੇ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਹਨ ਅਤੇ ਜਿੱਤ ਤੱਕ ਉਸ ਇਸੇ ਤਰ੍ਹਾਂ ਧਰਨੇ ਵਿੱਚ ਡਟੇ ਰਹਿਣਗੇ। ਅੱਜ ਧਰਨਾਕਾਰੀਆਂ ਨੂੰ ਮੁਲਾਜ਼ਮ ਆਗੂ ਹਰਜਿੰਦਰ ਸਿੰਘ ਭੋਲਾ, ਲੱਖਾ ਨਥਾਨਾ, ਗੁਰਦੀਪ ਸਿੰਘ ਭੁੱਚੋ, ਹਰਦੀਪ ਸਿੰਘ ਪੁਹਲੀ, ਧਰਮਿੰਦਰ ਸਿੰਘ ਗੁਰੂਸਰ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਦੂਜੇ ਪਾਸੇ, ਫਲਿੱਪਕਾਰਟ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਹੋਲਸੇਲ ਦਾ ਬਠਿੰਡਾ ਸਟੋਰ ਅਣਚਾਹੇ ਹਾਲਾਤਾਂ ਕਾਰਨ 2020 ਤੋਂ ਬੰਦ ਪਿਆ ਹੈ। ਸਾਰੇ ਕਰਮਚਾਰੀਆਂ ਨੂੰ ਸੇਵਾ ਦੀ ਨਿਰੰਤਰਤਾ ਦੇ ਨਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਜ਼ੀਰਕਪੁਰ ਅਤੇ ਬਾਕੀ ਰਾਜਾਂ ਵਿੱਚ ਹੋਰ ਸਟੋਰਾਂ ਵਿੱਚ ਟਰਾਂਸਫਰ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਫਲਿੱਪਕਾਰਟ ਸੂਬੇ ਵਿੱਚ ਆਪਣੇ ਹਿੱਸੇਦਾਰਾਂ, ਕਰਮਚਾਰੀਆਂ ਅਤੇ ਵਪਾਰਾਂ ਦੀ ਸੁਰੱਖਿਆ ਅਤੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਕੰਪਨੀ ਨੇ ਸੁਰੱਖਿਆ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਕੰਪਨੀ ਦੇ ਸਥਾਨਾਂ ’ਤੇ ਕੋਈ ਅਣਸੁਖਾਵੀਂ ਗਤੀਵਿਧੀ ਨਾ ਹੋਵੇ।