ਗਗਨਦੀਪ ਅਰੋੜਾ
ਲੁਧਿਆਣਾ, 1 ਦਸੰਬਰ
ਮਰਾਡੋ ਪੁਲੀਸ ਚੌਕੀ ਦੇ ਇਲਾਕੇ ਈਸ਼ਰ ਨਗਰ ਵਿੱਚ ਸੋਮਵਾਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਬਰਨਾਲਾ ਤੋਂ ਆਉਣ ਵਾਲੀ ਬਰਾਤ ਪੁੱਜੀ ਹੀ ਨਹੀਂ। ਜਦੋਂ ਲੜਕੀ ਵਾਲਿਆਂ ਨੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਜਦੋਂ ਲੜਕੇ ਵਾਲੇ ਬਰਾਤ ਲੈ ਕੇ ਬਰਨਾਲਾ ਤੋਂ ਲੁਧਿਆਣਾ ਲਈ ਨਿਕਲਣ ਲੱਗੇ ਤਾਂ ਇੱਕ ਲੜਕੀ ਪੁਲੀਸ ਨੂੰ ਲੈ ਕੇ ਲੜਕੇ ਦੇ ਘਰ ਪੁੱਜ ਗਈ ਤੇ ਨੌਜਵਾਨ ਨਾਲ ਪ੍ਰੇਮ ਸਬੰਧ ਹੋਣ ਦੀ ਗੱਲ ਆਖ ਕੇ ਵਿਆਹ ਰੁਕਵਾ ਦਿੱਤਾ। ਜਦੋਂ ਇਸ ਬਾਰੇ ਲੜਕੀ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਰਾਡੋ ਪੁਲੀਸ ਚੌਕੀ ’ਚ ਸ਼ਿਕਾਇਤ ਕਰ ਦਿੱਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਬਰਨਾਲਾ ’ਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਲੜਕੇ ਨਾਲ ਤੈਅ ਹੋਇਆ ਸੀ। ਲੜਕੇ ਦੇ ਕਿਸੇ ਹੋਰ ਲੜਕੀ ਨਾਲ ਪ੍ਰੇਮ ਸਬੰਧ ਸਨ, ਪਰ ਉਸ ਨੇ ਕਿਸੇ ਨੂੰ ਦੱਸਿਆ ਨਹੀਂ। ਸੋਮਵਾਰ ਸ਼ਾਮ 7 ਵਜੇ ਬਰਾਤ ਆਉਣੀ ਸੀ। ਉਸੇ ਸ਼ਾਮ ਕਰੀਬ 4 ਵਜੇ ਲੜਕੇ ਦੇ ਪਿਤਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਸਾਢੇ ਕੁ 6 ਵਜੇ ਤਕ ਪੁੱਜ ਜਾਣਗੇ ਪਰ ਜਦੋਂ 7 ਵਜੇ ਤਕ ਬਰਾਤ ਨਾ ਆਈ ਤਾਂ ਉਨ੍ਹਾਂ ਨੇ ਲੜਕੇ ਦੇ ਪਿਤਾ ਨੂੰ ਫੋਨ ਕੀਤਾ, ਜਿਸ ’ਤੇ ਪਤਾ ਲੱਗਿਆ ਕਿ ਬਰਾਤ ਨਹੀਂ ਆ ਰਹੀ। ਇਸ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਚੌਕੀ ਮਰਾਡੋ ਦੇ ਇੰਚਾਰਜ ਏਐੱਸਆਈ ਅਸ਼ਵਨੀ ਨੇ ਦੱਸਿਆ ਕਿ ਦੋਵੇਂ ਪੱਖ ਆਪਸ ’ਚ ਰਿਸ਼ਤੇਦਾਰ ਸਨ। ਦੋਹਾਂ ਪੱਖਾਂ ’ਚ ਸਮਝੌਤਾ ਹੋ ਗਿਆ ਹੈ, ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋ ਸਕੀ।