ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਪਰੈਲ
ਇੱਥੇ ਜਮਾਲਪੁਰ ਦੇ 33 ਫੁਟੇ ਰੋਡ ਸਥਿਤ ਇੱਕ ਟੈਲੀਕਾਮ ਕੰਪਨੀ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਲੜਕੀ ਨੇ ਖੁਦ ਨੂੰ ਜਬਰ-ਜਨਾਹ ਤੋਂ ਬਚਾਉਣ ਲਈ ਆਪਣੇ ਦਫ਼ਤਰ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਿਕ ਟੈਲੀਕਾਮ ਕੰਪਨੀ ਦੇ ਸ਼ੋਅਰਮ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਨੌਜਵਾਨ ਆਪਣਾ ਨੰਬਰ ਪੋਰਟ ਕਰਵਾਉਣ ਲਈ ਆਇਆ। ਇਸ ਦੌਰਾਨ ਉਹ ਲੜਕੀ ਨਾਲ ਗੱਲਾਂ ਕਰਨ ਲੱਗਾ ਤੇ ਸ਼ਟਰ ਡੇਗ ਕੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਖੁਦ ਨੂੰ ਬਚਾਉਣ ਲਈ ਰੌਲਾ ਪਾਇਆ ਤੇ ਦਫ਼ਤਰ ਦੇ ਉਪਰ ਜਾ ਕੇ ਹੇਠਾਂ ਛਾਲ ਮਾਰ ਦਿੱਤੀ। ਉਹ ਛਾਲ ਮਾਰਨ ਮਗਰੋਂ ਸਾਹਮਣੇ ਵਾਲੀ ਦੁਕਾਨ ’ਚ ਮਦਦ ਲਈ ਪੁੱਜੀ ਤੇ ਦੁਕਾਨ ਦੇ ਅੰਦਰ ਹੀ ਡਿੱਗ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਥਾਣਾ ਜਮਾਲਪੁਰ ਦੇ ਐਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁੰਡੀਆਂ ਦੇ 33 ਫੇਟੇ ਰੋਡ ’ਤੇ ਟੈਲੀਕਾਮ ਕੰਪਨੀ ਦਾ ਦਫ਼ਤਰ ਹੈ। ਜਿੱਥੇ ਬੁੱਧਵਾਰ ਦੀ ਦੁਪਹਿਰ ਨੂੰ ਨੌਜਵਾਨ ਨੰਬਰ ਪੋਰਟ ਕਰਵਾਉਣ ਲਈ ਅੰਦਰ ਆ ਗਿਆ। ਪਹਿਲਾਂ ਨੌਜਵਾਨ ਕੁਝ ਸਮਾਂ ਗੱਲਾਂ ਕਰਦਾ ਰਿਹਾ, ਪਰ ਬਾਅਦ ’ਚ ਜਦੋਂ ਉਸ ਨੂੰ ਪਤਾ ਲੱਗਾ ਕਿ ਲੜਕੀ ਦੁਕਾਨ ’ਚ ਇਕੱਲੀ ਹੈ ਤਾਂ ਉਸ ਨੇ ਸ਼ਟਰ ਥੱਲੇ ਕਰ ਲਿਆ ਤੇ ਲੜਕੀ ਦੇ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਖੁਦ ਨੂੰ ਬਚਾਉਣ ਲਈ ਛੱਤ ’ਤੇ ਪਹੁੰਚੀ ਤਾਂ ਮੁਲਜ਼ਮ ਵੀ ਉਸ ਦੇ ਪਿੱਛੇ ਪਹੁੰਚ ਗਿਆ। ਇਸ ਦੌਰਾਨ ਲੜਕੀ ਨੇ ਖੁਦ ਨੂੰ ਬਚਾਉਣ ਲਈ ਪਹਿਲੀ ਮੰਜ਼ਲ ਤੋਂ ਥੱਲੇ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।