ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਅਪਰੈਲ
ਸਥਾਨਕ ਦਾਣਾ ਮੰਡੀ ਦੇ ਗੇਟ ਉੱਪਰ 1906 ’ਚ ਬਣੀ ਇਮਾਰਤ ’ਚ 58 ਸਾਲਾਂ ਤੋਂ ਚੱਲ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਕਈ ਥੁੜਾਂ ਤੇ ਲੋੜਾਂ ਦਾ ਮਾਰਿਆ ਹੈ। ਪਹਿਲਾਂ ਮੰਡੀ ਦੇ ਦੋਹਾਂ ਗੇਟਾਂ ਉੱਪਰ ਸਕੂਲ ਦੀਆਂ ਜਮਾਤਾਂ ਲੱਗਦੀਆਂ ਸਨ। ਪਰ ਮੁੱਖ ਗੇਟ ਖਸਤਾ ਹਾਲ ਦੇ ਡਿਗੂੰ-ਡਿਗੂੰ ਕਰਦਾ ਹੋਣ ਕਰਕੇ ਹਾਲ ਹੀ ’ਚ ਢਾਹ ਦਿੱਤਾ ਗਿਆ। ਇਸ ਤਰ੍ਹਾਂ ਇਥੇ ਲੱਗਦੀਆਂ ਜਮਾਤਾਂ ਦੇ ਬੱਚੇ ਵੀ ਦੂਜੇ ਗੇਟ ਉੱਪਰ ਸਥਿਤ ਤੰਗ ਥਾਂ ’ਚ ਚਲੇ ਗਏ। ਇਸ ਤਰ੍ਹਾਂ ਜਿੱਥੇ ਦੋ ਜਮਾਤਾਂ ਲੱਗਦੀਆਂ ਸਨ, ਉਥੇ ਪੰਜ ਜਮਾਤਾਂ ਦੇ ਬੱਚੇ ਪੜ੍ਹਨ ਲੱਗੇ। ਅੱਜ ਵੀ ਇਸ ਸਕੂਲ ’ਚ ਲੋੜਵੰਦ ਪਰਿਵਾਰਾਂ ਦੇ 120 ਬੱਚੇ ਪੜ੍ਹਦੇ ਹਨ। ਪਰ ਇਨ੍ਹਾਂ ਦੇ ਬੈਠਣ ਲਈ ਥਾਂ ਦੀ ਤੰਗੀ ਆ ਗਈ। ਮੰਡੀ ਤੇ ਸ਼ਹਿਰ ਦੇ ਦਾਨੀ ਵੀਰਾਂ ਨੇ ਸਕੂਲ ਦੇ ਬੱਚਿਆਂ ਲਈ ਸਵਾ ਲੱਖ ਦੀ ਲਾਗਤ ਨਾਲ ਇਕ ਵਧੀਆ ਸ਼ੈੱਡ ਦਾ ਪ੍ਰਬੰਧ ਕਰ ਕੇ ਦਿੱਤਾ ਹੈ, ਜਿੱਥੇ ਬੱਚੇ ਖਾਣਾ ਖਾਣ ਤੋਂ ਇਲਾਵਾ ਸਵੇਰ ਦੀ ਸਭਾ ਲਈ ਇਕੱਠੇ ਹੋ ਸਕਣਗੇ। ਮੁੱਖ ਅਧਿਆਪਕਾ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਾਰੇ ਦਾਨੀ ਸੱਜਣਾਂ ਧੰਨਵਾਦ ਕੀਤਾ ਗਿਆ।