ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਸਤੰਬਰ
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਸੰਕਲਪ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਵਲੋਂ ਤਿੰਨ ਰੋਜ਼ਾ ਸਿਖਲਾਈ ਕਰਵਾਈ ਗਈ। ਇਸ ਦਾ ਵਿਸ਼ਾ ‘ਕੁੱਤਿਆਂ ਵਿਚ ਖੂਨ ਦੀ ਘਾਟ ਅਤੇ ਖੂਨ ਦੇਣ ਸਬੰਧੀ ਵਿਹਾਰਕ ਨੁਕਤੇ’ ਸੀ। ਉਤਰੀ ਭਾਰਤ ਵਿਚ ਇਹ ਇਸ ਤਰੀਕੇ ਦੀ ਸਭ ਤੋਂ ਪਹਿਲੀ ਸਿਖਲਾਈ ਸੀ। ਯੂਨੀਵਰਸਿਟੀ ਪਸ਼ੂ ਹਸਪਤਾਲ ਦੀ ਖੂਨ ਦੇਣ ਵਾਲੀ ਇਕਾਈ ਵਲੋਂ ਇਹ ਸਿਖਲਾਈ ਦਿੱਤੀ ਗਈ। ਖੂਨ ਵਿੱਚੋਂ ਲਾਲ ਲਹੂ ਕਣ, ਪਲੇਟਲੈਟਸ ਅਤੇ ਪਲਾਜ਼ਮਾ ਨੂੰ ਵੱਖ-ਵੱਖ ਕਰਕੇ ਇਸ ਨੂੰ ਤਿੰਨ ਭਾਗਾਂ ਵਿਚ ਤਿੰਨ ਵੱਖਰੇ-ਵੱਖਰੇ ਕੁੱਤਿਆਂ ਨੂੰ ਦਿੱਤਾ ਜਾ ਸਕਦਾ ਹੈ। ਸਿਖਲਾਈ ਦੇ ਨਿਰਦੇਸ਼ਕ ਅਤੇ ਇਕਾਈ ਦੇ ਇੰਚਾਰਜ ਡਾ. ਸ਼ੁਕ੍ਰਿਤੀ ਸ਼ਰਮਾ ਨੇ ਕਿਹਾ ਕਿ ਇਹ ਸਿਖਲਾਈ ਖੇਤਰ ਵਿਚ ਕੰਮ ਕਰਦੇ ਵੈਟਰਨਰੀ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਕੁੱਤਿਆਂ ਦੇ ਇਲਾਜ ਸਬੰਧੀ ਪ੍ਰੈਕਟਿਸ ਕਰਨ ਵਾਲੇ ਪੇਸ਼ੇਵਰਾਂ ਲਈ ਰੱਖੀ ਗਈ ਸੀ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਜੀਵ ਕੁਮਾਰ ਉੱਪਲ ਨੇ ਇਸ ਸਿਖਲਾਈ ਦਾ ਆਰੰਭ ਕੀਤਾ ਅਤੇ ਕਿਹਾ ਕਿ ਕੁੱਤਿਆਂ ਨੂੰ ਖੂਨ ਦੇਣਾ ਇਸ ਸਮੇਂ ਬਹੁਤ ਵੱਡੀ ਜ਼ਰੂਰਤ ਹੈ। ਸਿਖਲਾਈ ਦੀ ਸਮਾਪਤੀ ਮੌਕੇ ਨਿਰਦੇਸ਼ਕ ਖੋਜ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਇਸ ਕਾਰਜ ਲਈ ਦਾਨੀ ਕੁੱਤੇ ਮੁਹੱਈਆ ਕਰਨ ਵਾਲੇ ਤਾਨਿਆ ਗਰਗ ਅਤੇ ਸੁਧੀਰ ਬਿਸ਼ਟ ਦੀ ਵੀ ਪ੍ਰਸੰਸਾ ਕੀਤੀ ਅਤੇ ਸਨਮਾਨਿਤ ਕੀਤਾ। ਇਨ੍ਹਾਂ ਨੇ 100 ਦੇ ਕਰੀਬ ਕੁੱਤੇ ਖੂਨਦਾਨ ਲਈ ਲਿਆਂਦੇ ਸਨ। ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਸਿਖਲਾਈ ਰਾਹੀਂ ਵੈਟਰਨਰੀ ਡਾਕਟਰਾਂ ਵਿਚ ਗਿਆਨ ਦਾ ਪਰਸਾਰ ਕਰਨ ਲਈ ਆਯੋਜਕਾਂ ਨੂੰ ਮੁਬਾਰਕਬਾਦ ਦਿੱਤੀ।