ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 10 ਨਵੰਬਰ
ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੇ ਨਾਮ ’ਤੇ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਵਿੱਚ ਭਾਰਤ ਦੀ ਪਹਿਲੀ ਇੰਸਟਰੱਕਸ਼ਨਲ ਗਊਸ਼ਾਲਾ ਬਣਾਈ ਜਾ ਰਹੀ ਹੈ, ਜਿਸਦਾ ਨੀਂਹ ਪੱਥਰ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੱਖਿਆ। ਇਹ ਹਾਈਟੈੱਕ ਗਊਸ਼ਾਲਾ ਹੋਵੇਗੀ, ਜੋ ਕਿ ਗਡਵਾਸੂ ਵੱਲੋਂ ਹੀ ਚਲਾਈ ਜਾਵੇਗੀ। ਇਸ ਗਊਸ਼ਾਲਾ ਵਿੱਚ ਗਊਆਂ ਦਾ ਰੱਖ ਰਖਾਵ ਤਾਂ ਹੋਵੇਗਾ ਹੀ, ਨਾਲ ਹੀ ਇੱਥੇ ਗਊਆਂ ’ਤੇ ਖੋਜ ਵੀ ਕੀਤੀ ਜਾਵੇਗੀ। ਮੰਤਰੀ ਆਸ਼ੂ ਨੇ ਦੱਸਿਆ ਕਿ 1.7 ਕਰੋੜ ਰੁਪਏ ਦੀ ਲਾਗਤ ਨਾਲ ਇਹ ਗਊਸ਼ਾਲਾ 8 ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗੀ। ਇਸ ਹਾਈਟੈੱਕ ਗਊਸ਼ਾਲਾ ਵਿੱਚ ਅਤਿ-ਆਧੁਨਿਕ ਇਮਾਰਤ ਵਿੱਚ ਗਊਸ਼ਾਲਾ ਖੇਤਰ, ਕੱਚਾ ਖੇਤਰ, ਤੂੜੀ ਦਾ ਖੇਤਰ, ਵੱਛੜਿਆਂ ਦਾ ਖੇਤਰ, ਬੀਮਾਰ ਗਾਵਾਂ ਦਾ ਖੇਤਰ, ਫੀਡ ਸਟੋਰ, ਪ੍ਰੋਸੈਸਿੰਗ ਯੂਨਿਟ, ਬਾਇਓ ਗੈਸ ਪਲਾਂਟ, ਵਰਮੀ ਕੰਪੋਸਟਿੰਗ ਪਿੱਟ, ਜੈਵਿਕ ਸਬਜ਼ੀਆਂ ਦਾ ਖੇਤਰ ਅਤੇ ਹੋਰ ਸ਼ਾਮਲ ਹੋਣਗੇ। ਇਹ ਗਊਸ਼ਾਲਾ ਬਾਕੀ ਗਊਸ਼ਾਲਾ ਲਈ ਇੰਸਟਰੱਕਸ਼ਨਲ ਹੋਵੇਗੀ, ਜਿਥੋਂ ਖੋਜ ਕਰਨ ਤੋਂ ਬਾਅਦ ਬਾਕੀ ਗਊਸ਼ਾਲਾ ਵਾਲਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਗਡਵਾਸੂ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਜੈਕਟ ਗਊਸ਼ਾਲਾ ਪ੍ਰਬੰਧਨ ਦੇ ਕੰਮਾਂ ਵਿੱਚ ਲੱਗੇ ਲੋਕਾਂ ਨੂੰ ਸੇਧ ਦੇ ਕੇ ਇੱਕ ਮਿਸਾਲ ਵਜੋਂ ਕੰਮ ਕਰੇਗਾ ਅਤੇ ਰਾਜ ਵਿੱਚ ਗਾਵਾਂ ਦੀ ਨਸਲ ਨੂੰ ਸੁਧਾਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਇੱਕ ਢੁੱਕਵਾਂ ਹੱਲ ਵੀ ਦੇਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਗਊਸ਼ਾਲਾਵਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੀਨ ਕਾਲਜ ਆਫ ਵੈਟਰਨਰੀ ਸਾਇੰਸ ਡਾ. ਐੱਸ.ਪੀ.ਐੱਸ. ਘੁੰਮਣ ਨੇ ਦੱਸਿਆ ਕਿ ਇਸ ਗਊਸ਼ਾਲਾ ਦਾ ਉਦੇਸ਼ ਆਵਾਰਾ ਪਸ਼ੂਆਂ ਨੂੰ ਵਿਗਿਆਨਕ ਲੀਹਾਂ ’ਤੇ ਸਵੈ-ਨਿਰਭਰ ਬਣਾਉਣਾ ਹੈ, ਜਿਸ ਵਿੱਚ ਘੱਟ ਕੀਮਤ ਵਿੱਚ ਆਰਾਮਦਾਇਕ ਰਿਹਾਇਸ਼, ਖੁਰਾਕ ਅਤੇ ਸਿਹਤ ਸਹੂਲਤਾਂ ਸ਼ਾਮਲ ਹਨ। ਨਿਰਦੇਸ਼ਕ ਖੋਜ ਡਾ. ਜੇ.ਪੀ.ਐੱਸ. ਗਿੱਲ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਘੱਟ ਲਾਗਤ ਪ੍ਰਬੰਧਨ ਅਤੇ ਖੁਰਾਕ ਪ੍ਰਣਾਲੀ ਦਾ ਪ੍ਰਦਰਸ਼ਨ ਸੂਬੇ ਅਤੇ ਸਮਾਜ ਦੇ ਡੇਅਰੀ ਫਾਰਮਿੰਗ ਉਦਯੋਗ ਨੂੰ ਵੱਡੇ ਪੱਧਰ ’ਤੇ ਮਦਦ ਕਰੇਗਾ।
ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਰਜਿਸਟਰਾਰ ਡਾ. ਐੱਚ.ਐੱਸ.ਬੰਗਾ, ਡਾ. ਐੱਸ ਰਾਮਪਾਲ, ਡਾਇਰੈਕਟਰ ਪਸਾਰ ਸਿੱਖਿਆ ਡਾ. ਪੀਐੱਸ ਬਰਾੜ, ਡੀਨ ਪੀ.ਜੀ.ਐੱਸ. ਡਾ. ਐੱਸ.ਕੇ. ਉਪਲ, ਡਾ.ਅਮਰਜੀਤ ਸਿੰਘ, ਡੀਨ ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਡਾ. ਰਮਨੀਕ, ਡੀਨ, ਡਾ. ਮੀਰਾ ਡੀ ਆਂਸਲ, ਡਾ. ਵਾਈਪੀਐੱਸ ਮਲਿਕ ਆਦਿ ਮੌਜੂਦ ਸਨ।