ਸੰਤੋਖ ਗਿੱਲ
ਮੁੱਲਾਂਪੁਰ-ਦਾਖਾ, 28 ਮਈ
ਗੁਰਸ਼ਰਨ ਕਲਾ ਭਵਨ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜ ਨੂੰ ਸਮਰਪਿਤ ‘ਨਾਟ ਰੰਗ ਉਤਸਵ’ ਦੇ ਦੂਜੇ ਦਿਨ ਇਕ-ਪਾਤਰੀ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ‘ਚ ਪਾਣੀ ਲਿਆ ਦਿੱਤਾ।
ਅਦਾਕਾਰਾ ਨੂੂਰ ਕਮਲ ਨੇ ਜਦੋਂ ਉੱਚੀ ਹੇਕ ਵਿੱਚ ਰੱਬ ਨੂੰ ਉਲਾਂਭਾ ਦਿੰਦੇ ਹੋਏ ਨੂਰ ਕਮਲ ਨੇ ਕਿਹਾ ਕਿ ”ਹਾਏ ਓ ਮੇਰੇ ਡਾਢਿਆ ਰੱਬਾ ਕੋਈ ਧੀਆਂ ਲਈ ਵੀ ਦੇਸ ਬਣਾ” ਤਾਂ ਖਚਾਖਚ ਭਰੇ ਹਾਲ ਵਿੱਚ ਕੇਵਲ ਔਰਤਾਂ ਹੀ ਨਹੀਂ ਪੁਰਸ਼ ਹਾਜ਼ਰੀਨ ਵੀ ਅੱਖਾਂ ਵਿੱਚੋਂ ਅੱਥਰੂ ਵਗਣੋਂ ਨਾ ਰੋਕ ਨਾ ਸਕੇ। ਅਕਸ ਰੰਗਮੰਚ ਸਮਰਾਲਾ ਦੀ ਟੀਮ ਵੱਲੋਂ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਅਤੇ ਕਵਿਤਾਵਾਂ ‘ਤੇ ਅਧਾਰਿਤ ਨਾਟਕ ਦੌਰਾਨ ਪੂਰੇ ਦੋ ਘੰਟੇ ਹਾਲ ਵਿੱਚ ਸੰਨਾਟਾ ਹੀ ਛਾਇਆ ਰਿਹਾ ਕਦੇ-ਕਦਾਈਂ ਜ਼ੋਰਦਾਰ ਤਾੜੀਆਂ ਦੀ ਗੂੰਜ ਪੈਂਦੀ ਜ਼ਰੂਰ ਸੁਣਾਈ ਦਿੰਦੀ ਸੀ।
ਸਮਾਗਮ ਦਾ ਉਦਘਾਟਨ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਡਾ. ਅਮਰਪ੍ਰੀਤ ਦਿਓਲ, ਡਾ. ਰੂਹੀ ਦਿਓਲ, ਪੱਤਰਕਾਰ ਗੁਰਦੇਵ ਮੁੱਲਾਂਪੁਰੀ, ਲਖਵਿੰਦਰ ਸਿੰਘ, ਜਰਨੈਲ ਗਿੱਲ ਅਤੇ ਅੰਜੂ ਚੌਧਰੀ ਨੇ ਕੀਤਾ। ਉਦਘਾਟਨੀ ਭਾਸ਼ਣ ਵਿੱਚ ਅਮੋਲਕ ਸਿੰਘ ਨੇ ਦਿੱਲੀ ਜੰਤਰ-ਮੰਤਰ ‘ਤੇ ਆਪਣੀ ਆਬਰੂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਪਹਿਲਵਾਨ ਧੀਆਂ ਦੇ ਸੰਘਰਸ਼ ਦੀ ਹਮਾਇਤ ਦਾ ਸੱਦਾ ਦਿੱਤਾ। ਅਮੋਲਕ ਸਿੰਘ ਅਤੇ ਹਰਕੇਸ਼ ਚੌਧਰੀ ਨੇ ਡਾ. ਨਵਸ਼ਰਨ ਕੌਰ ਨੂੰ ਈ. ਡੀ ਵੱਲੋਂ ਬੇਵਜ੍ਹਾ ਤੰਗ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖ਼ਦਸ਼ਾ ਤਾਂ ਸੀ ਕਿ ਦੋ ਘੰਟੇ ਤੱਕ ਇੱਕ-ਪਾਤਰੀ ਨਾਟਕ ਨੂੰ ਦਰਸ਼ਕ ਸਹਿਜਤਾ ਨਾਲ ਕਿਵੇਂ ਦੇਖਣਗੇ, ਪਰ ਦਰਸ਼ਕਾਂ ਨੇ ਨਾਟਕ ਦੇ ਅੰਤ ਵਿੱਚ ਖੜ੍ਹੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਭਰਪੂਰ ਨਿਵਾਜਿਆ। ਨੂਰ ਕਮਲ ਦੀ ਸੁਭਾਵਿਕ ਅਤੇ ਅਰਥ ਭਰਪੂਰ ਅਦਾਕਾਰੀ ਅਤੇ ਰਾਜਵਿੰਦਰ ਸਮਰਾਲਾ ਦੇ ਨਿਰਦੇਸ਼ਨ ਸਦਕਾ ਨਾਟਕ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਨਾਲੋਂ ਵੀ ਵੱਧ ਸਮੁੱਚੀ ਔਰਤ ਜਾਤੀ ਦੀ ਵੇਦਨਾ ਦਾ ਦ੍ਰਿਸ਼ਟਾਂਤ ਹੋ ਨਿੱਬੜਿਆ। ਲੋਕ ਕਲਾ ਮੰਚ ਦੇ ਪ੍ਰਬੰਧਕਾਂ ਨੇ ਮਹਿਮਾਨ ਟੀਮ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ।