ਲੁਧਿਆਣਾ: ਖੇਤੀ ਸੁਧਾਰ ਬਿੱਲ ’ਤੇ ਕੇਂਦਰ ਸਰਕਾਰ ਦੀ ਹਿਮਾਇਤ ਕਰਨ ਵਾਲੇ ਮਸ਼ਹੂਰ ਅਰਥਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਸੂਬਾ ਸਰਕਾਰ ਵੱਲੋਂ ਮੱਕੀ ਦੀ ਫਸਲ ’ਤੇ ਐੱਮਐੱਸਪੀ ਨਾ ਦੇਣ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਲੋਕ ਅਧਿਕਾਰ ਲਹਿਰ ਦੇ ਝੰਡੇ ਥੱਲੇ ਡਾ. ਜੌਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਪੱਤਰ ਭੇਜਿਆ। ਇਸ ਦੌਰਾਨ ਡਾ. ਜੋਹਲ ਨਾਲ ਆਏ ਲੋਕਾਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡਾ. ਜੌਹਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੱਕੀ ਦੀ ਫਸਲ ਦੀ ਐੱਮਐੱਸਪੀ 1850 ਨਿਰਧਾਰਤ ਕੀਤੀ ਗਈ ਹੈ ਪਰ ਅਸਲ ਵਿਚ ਜ਼ਮੀਨੀ ਪੱਧਰ ’ਤੇ 1150 ਤੋਂ 1300 ਤੱਕ ਫਸਲ ਖਰੀਦੀ ਜਾ ਰਹੀ ਹੈ, ਜੋਕਿ ਸਿੱਧੇ ਤੌਰ ’ਤੇ ਕਿਸਾਨਾ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ 1850 ਰੁਪਏ ਵਿੱਚ ਫਸਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਚੁੱਕੇ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਏ। -ਟ੍ਰਿਬਿਊਨ ਨਿਊਜ਼ ਸਰਵਿਸ