ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾ, 8 ਅਗਸਤ
ਪਿਛਲੇ ਕਰੀਬ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪਿੰਡ ਬੇਰ ਕਲਾ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਨ ਦੁਧਾਰੂ ਪਸ਼ੂਆਂ ਦਾ ਮਰਨਾ ਲਗਾਤਾਰ ਜਾਰੀ ਹੈ। ਹਰਜਿੰਦਰ ਸਿੰਘ ਇਕਾਈ ਪ੍ਰਧਾਨ ਏਕਤ ਉਗਰਾਹਾਂ ਨੇ ਦੱਸਿਆ ਕਿ ਮੂੰਹ ਖੁਰ ਦੀ ਬਿਮਾਰੀ ਕਾਰਨ ਉਨ੍ਹਾਂ ਦੀ 6 ਮਹੀਨੇ ਦੀ ਗੱਭਣ ਗਾਂ ਸਮੇਤ ਤਿੰਨ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਪੂਰੇ ਪਿੰਡ ਵਿੱਚ ਦਸ ਦੁਧਾਰੂ ਪਸ਼ੂ, ਅੱਜ ਚਾਰ ਗਾਵਾਂ ਮਰੀਆਂ ਹਨ, ਜਿਨ੍ਹਾਂ ਵਿੱਚ ਇਕ ਗਾਂ ਦੀ ਕੀਮਤ 70 ਤੋਂ 80 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਸਭ ਤੋਂ ਵੱਧ ਬੀਤੇ ਦਿਨਾਂ ਵਿੱਚ ਹਰਬੰਸ ਸਿੰਘ ਪੁੱਤਰ ਸਿਕੰਦਰ ਸਿੰਘ ਦੇ ਪਰਿਵਾਰ ਦੀਆਂ 9 ਦੁਧਾਰੂ ਗਾਵਾਂ ਮਰ ਚੁੱਕੀਆ ਹਨ। ਹੱਡਾ-ਰੋੜੀ ’ਚੋਂ ਆ ਰਹੀ ਬਦਬੂ ਕਾਰਨ ਹੋਰ ਬਿਮਾਰੀ ਦਾ ਵੀ ਡਰ ਹੈ। ਮੁਰਦਾ ਪਸ਼ੂਆਂ ਨੂੰ ਹੱਡਾ-ਰੋੜੀ ਵਿੱਚ ਕਰੀਬ 20 ਫੁੱਟ ਤੋਂ ਵੱਧ ਡੂੰਘੇ ਟੋਇਆਂ ਵਿੱਚ ਦੱਬਿਆ ਜਾ ਰਿਹਾ ਹੈ ਤਾਂ ਜੋ ਬਦਬੂ ਨੂੰ ਘੱਟ ਕੀਤਾ ਜਾ ਸਕੇ। ਡਾਕਟਰੀ ਟੀਮਾਂ ਦੇ ਇਲਾਜ ਦੇ ਬਾਵਜੂਦ ਠੀਕ ਹੋਣ ਵਾਲੇ ਪਸ਼ੂਆਂ ਦੀ ਮੌਤ ਦਰ ਵਿੱਚ ਕੋਈ ਕਮੀ ਨਹੀਂ ਆ ਰਹੀ। ਪਿੰਡ ਵਾਸੀਆ ਨੇ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਇਕੱਲੇ ਬੇਰ ਕਲਾਂ ਵਿੱਚ ਦੋ ਹਜ਼ਾਰ ਤੋਂ ਵੱਧ ਦੁਧਾਰੂ ਪਸ਼ੂ ਹਨ, ਜਿਸ ਵਿੱਚ ਚਾਰ ਤੋਂ ਪੰਜ ਵੱਡੇ ਗਾਵਾਂ ਦੇ ਫਾਰਮ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਦੇ ਪਿੰਡ ਵੈਟਰਨਰੀ ਹਸਪਤਾਲ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।
ਸਥਿਤੀ ਕਾਬੂ ਹੇਠ: ਡਿਪਟੀ ਡਾਇਰੈਕਟਰ
ਇਸ ਮੌਕੇ ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਆਖਿਆ ਕਿ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਹੈ, ਜਿਸ ਵਿੱਚ ਅੱਜ 376 ਬਿਮਾਰ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ, 100 ਪਸ਼ੂਆਂ ਨੂੰ ਠੀਕ ਕੀਤਾ ਗਿਆ ਹੈ ਅਤੇ 40 ਨਵੇਂ ਪਸ਼ੂਆਂ ’ਚ ਬਿਮਾਰੀ ਦੇ ਲੱਛਣ ਪਾਏ ਗਏ, ਜਿਨ੍ਹਾਂ ਨੂੰ ਡਾਕਟਰੀ ਟੀਮਾਂ ਦੀ ਨਿਗਰਾਨੀ ਹੇਠ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਿਰੰਤਰ ਇਲਾਜ ਜਾਰੀ ਹੈ।