ਖੰਨਾ (ਨਿੱਜੀ ਪੱਤਰ ਪ੍ਰੇਰਕ): ਕਸਟਮ ਵਿਭਾਗ ਦੀ ਟੀਮ ਵੱਲੋਂ ਖੰਨਾ ਵਿੱਚ ਦੋ ਸਕਰੈਪ ਮਾਲਕਾਂ ਦੇ ਘਰ ਛਾਪਾ ਮਾਰਿਆ। ਇਨ੍ਹਾਂ ਵਪਾਰੀਆਂ ਵਿੱਚ ਇਕ ਸ਼ਿਵ ਸੈਨਾ ਆਗੂ ਦਾ ਭਰਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਦੁਬਈ ਅਤੇ ਸਿੰਗਾਪੁਰ ਤੋਂ ਸੋਨੇ ਦੀ ਸਮੱਗਲਿੰਗ ਦਾ ਦੱਸਿਆ ਜਾ ਰਿਹਾ ਹੈ। ਕਸਟਮ ਡਿਪਟੀ ਕਮਿਸ਼ਨਰ ਅਰੁਣ ਜੋਸ਼ੀ, ਸੈਂਟਰ ਐਕਸਾਈਜ਼ ਤੇ ਜੀਐੱਸਟੀ ਦੀ ਅਗਵਾਈ ਹੇਠ ਟੀਮ ਨੇ ਦੋਵੇਂ ਵਪਾਰੀਆਂ ਦੇ ਘਰੋਂ ਪ੍ਰਿੰਟਰ ਅਤੇ ਹੋਰ ਸਾਮਾਨ ਜ਼ਬਤ ਕੀਤਾ। ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਦੱਸਣਯੋਗ ਹੈ ਕਿ ਟੀਮ ਨੇ ਵਪਾਰੀਆਂ ਦੀ ਰਿਹਾਇਸ਼ ਖੰਨਾ ਦੇ ਅਮਲੋਹ ਰੋਡ ਅਤੇ ਸਨਸਿਟੀ ਤੇ ਨਾਭਾ ਕਲੋਨੀ ਵਿੱਚ ਵੀ ਛਾਪਾ ਮਾਰਿਆ। ਟੀਮ ਦੇ ਛਾਪੇ ਤੋਂ ਪਹਿਲਾ ਵਪਾਰੀ ਫਰਾਰ ਹੋ ਗਏ ਸਨ।