ਗਗਨਦੀਪ ਅਰੋੜਾ
ਲੁਧਿਆਣਾ, 11 ਜੂਨ
ਸ਼ਨਿੱਚਰਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਨਗਰ ਨਿਗਮ ਬਿਲਡਿੰਗ ਬ੍ਰਾਂਚ ਨੇ ਕਿਚਲੂ ਨਗਰ ਮੇਨ ਰੋਡ ’ਤੇ ਦੁਕਾਨਾਂ ਦੇ ਅੱਗੇ ਕੀਤੇ ਗਏ ਨਾਜਾਇਜ਼ ਕਬਜ਼ੇ ਤੋੜ ਦਿੱਤੇ। ਇਹ ਕਾਰਵਾਈ ਸਵੇਰੇ-ਸਵੇਰੇ ਉਸ ਸਮੇਂ ਕੀਤੀ ਗਈ, ਜਦੋਂ ਇਹ ਦੁਕਾਨਾਂ ਅਜੇ ਖੁੱਲ੍ਹੀਆਂ ਵੀ ਨਹੀਂ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਨਿਗਮ ਵੱਲੋਂ ਪਹਿਲਾਂ ਹੀ ਇਨ੍ਹਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਨਾਜਾਇਜ਼ ਕਬਜ਼ਿਆਂ ਕਾਰਨ ਹਰ ਰੋਜ਼ ਟਰੈਫਿਕ ’ਚ ਵਿਘਨ ਪੈ ਰਿਹਾ ਸੀ। ਆਖਰ ਨਿਗਮ ਨੇ ਸ਼ਨਿੱਚਰਵਾਰ ਜੇਸੀਬੀ ਮਸ਼ੀਨ ਨਾਲ ਕਬਜ਼ਿਆਂ ਨੂੰ ਹਟਾ ਦਿੱਤਾ।
ਨਗਰ ਨਿਗਮ ਮੁਲਾਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਕਬਜ਼ਿਆਂ ਕਾਰਨ ਇਸ ਇਲਾਕੇ ਵਿੱਚ ਸਵੇਰੇ ਕਾਫ਼ੀ ਟਰੈਫਿਕ ਜਾਮ ਰਹਿੰਦਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਏਟੀਪੀ ਮਦਨਜੀਤ ਬੇਦੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਰੈਂਪ ਬਣਾਏ ਗਏ ਸਨ, ਜਿਸ ਸਬੰਧੀ ਦੁਕਾਨਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ। ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਰੈਂਪ ਤੋੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇੱਥੇ 10 ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਸਨ ਜਿਨ੍ਹਾਂ ਨੂੰ ਤੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਫ਼ੀ ਸ਼ਿਕਾਇਤਾਂ ਵੀ ਆਈਆਂ ਹੋਈਆਂ ਸਨ। ਟਰੈਫਿਕ ਜਾਮ ਹੋਣ ਕਾਰਨ ਇੱਥੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇੱਥੇ ਦੁਬਾਰਾ ਕਬਜ਼ੇ ਕੀਤੇ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।