ਗਗਨਦੀਪ ਅਰੋੜਾ
ਲੁਧਿਆਣਾ, 10 ਸਤੰਬਰ
ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਪੌਣੇ ਏਕੜ ਜ਼ਮੀਨ ਦਾ ਮਾਮਲਾ ਭਖਦਾ ਜਾ ਰਿਹਾ ਹੈ, ਭਾਜਪਾ ਤੋਂ ਬਾਅਦ ਅੱਜ ਅਕਾਲੀ ਦਲ ਨੇ ਵੀ ਇਸ ਮਾਮਲੇ ’ਚ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਪੱਤਰਕਾਰ ਮਿਲਣੀ ਕਰ ਕੇ ਕਾਂਗਰਸੀ ਮੰਤਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਸਥਾਨਕ ਵਿਭਾਗ ਦੇ ਸੀਨੀਅਰ ਅਧਿਕਾਰੀ ਸਣੇ 10 ਹੋਰ ਅਧਿਕਾਰੀਆਂ ’ਤੇ ਮਿਲੀਭੁਗਤ ਦਾ ਦੋਸ਼ ਲਾਇਆ ਹੈ। ਇਸ ’ਚ ਟਰੱਸਟ ਦੀ ਕਰੋੜਾਂ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਦੋਸ਼ ਜੋੜਨ ਦੇ ਨਾਲ ਨਾਲ ਦੁਬਈ ’ਚ ਮਨੀ ਲਾਂਡਰਿੰਗ ਰਾਹੀਂ ਪੈਸਾ ਇਨ੍ਹਾਂ ਜਾਇਦਾਦਾਂ ਨੂੰ ਖਰੀਦਣ ਲਈ ਆਉਣ ਦੀ ਗੱਲ ਕਹੀ ਗਈ ਹੈ। ਇਹੀ ਨਹੀਂ ਉਨ੍ਹਾਂ ਨੇ ਟਰੱਸਟ ਦੇ ਲਗਪਗ ਇੱਕ ਦਰਜਨ ਪਲਾਟਾਂ ਨੂੰ ਵੀ ਹੇਰਾ ਫੇਰੀ ਕਰ ਆਪਣੇ ਚਹੇਤਿਆਂ ਨੂੰ ਦੇਣ ਦੇ ਦੋਸ਼ ਲਾਏ ਹਨ।
ਢਾਂਡਾ ਦਾ ਕਹਿਣਾ ਹੈ ਕਿ ਬੀਤੇ ਸਾਢੇ ਚਾਰ ਸਾਲ ਦੌਰਾਨ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜਾਇਦਾਦਾਂ ਵੇਚ ਕੇ ਲਗਭਗ 1000 ਕਰੋੜ ਰੁਪਏ ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲਾਇਆ ਗਿਆ ਹੈ। ਉਨ੍ਹਾਂ ਨੇ ਸੀਬੀਆਈ, ਈਡੀ, ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ, ਚੀਫ਼ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਇਨ੍ਹਾਂ ਸਾਰੇ ਮਾਮਲਿਆਂ ’ਚ ਜਾਂਚ ਕਰਨ ਲਈ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਸ੍ਰੀ ਢਾਂਡਾ ਨੇ ਦੱਸਿਆ ਕਿ ਮਾਡਲ ਟਾਊਨ ਐਕਸਟੈਂਸ਼ਨ ’ਚ 3.79 ਏਕੜ ਜ਼ਮੀਨ ਦਾ ਰਿਜ਼ਰਵ ਭਾਅ 91.86 ਕਰੋੜ ਰੁਪਏ ਰੱਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਦੀ ਰਿਜ਼ਰਵ ਕੀਮਤ ਤੈਅ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਪਰ ਇਸ ਕਮੇਟੀ ’ਚ ਡੀਸੀ ਲੁਧਿਆਣਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਈ ਟੈਂਡਰ ਰਾਹੀਂ ਇਸ ਜ਼ਮੀਨ ਨੂੰ 98 ਕਰੋੜ ’ਚ ਨੀਲਾਮ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਿਰਫ਼ 0.90 ਫੀਸਦੀ ਵਾਧੇ ’ਤੇ ਇਹ ਜ਼ਮੀਨ ਵੇਚ ਦਿੱਤੀ ਗਈ। ਇਸ ਜ਼ਮੀਨ ਦੇ ਤਿੰਨ ਪਾਸੇ ਸੜਕ ਹੈ, ਟਰੱਸਟ ਦੇ ਨਿਯਮ ਹਨ ਕਿ ਜੇਕਰ ਕਾਰਨਰ ਪਲਾਟ ਹੋਵੇਗਾ ਤਾਂ ਉਸਦਾ 10 ਫੀਸਦੀ ਜ਼ਿਆਦਾ ਪੈਸਾ ਲਿਆ ਜਾਂਦਾ ਹੈ। ਇਸ ਮਾਮਲੇ ’ਚ ਅਜਿਹਾ ਕੁਝ ਨਹੀਂ ਕੀਤਾ ਗਿਆ। ਜੇਕਰ ਇਸ ਜ਼ਮੀਨ ਨੂੰ ਸਹੀ ਤਰੀਕੇ ਨਾਲ ਵੇਚਿਆ ਜਾਂਦਾ ਤਾਂ ਇਸ ਦੀ ਕੀਮਤ 300 ਕਰੋੜ ਰੁਪਏ ਹੁੰਦੀ।
‘ਭਾਜਪਾ ਨੇ 60 ਹਜ਼ਾਰ ਪ੍ਰਤੀ ਗਜ਼ ਵਾਲੀ ਜ਼ਮੀਨ 4375 ਰੁਪਏ ’ਚ ਲਈ’
ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ 3.79 ਏਕੜ ਜ਼ਮੀਨ ਦੀ ਨੀਲਾਮੀ ਦੀ ਫਾਈਲ ਰਿਪੋਰਟ ਸਰਕਾਰ ਕੋਲ ਭੇਜੀ ਜਾ ਚੁੱਕੀ ਹੈ। ਹੁਣ ਸਰਕਾਰ ਇਸ ’ਤੇ ਕੁਝ ਫੈਸਲਾ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਸਾਡੇ ਟਰੱਸਟੀ ਵਲੋਂ ਸਵਾਲ ਚੁੱਕੇ ਜਾਣ ਦੀ ਗੱਲ ਹੈ, ਉਸ ਖਿਲਾਫ਼ ਸਾਡੇ ਕਈ ਟਰੱਸਟੀਆਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਭੂ-ਮਾਫ਼ੀਆ ਨਾਲ ਮਿਲਿਆ ਹੈ। ਰਿਜ਼ਰਵ ਭਾਅ ਕਮੇਟੀ ’ਚ ਡੀਸੀ ਨੇ ਸਾਈਨ ਕੀਤੇ ਹਨ, ਇਸ ਦੀ ਕਾਪੀ ਉਨ੍ਹਾਂ ਕੋਲ ਹੈ। ਉਧਰ ਭਾਜਪਾ ਜੋ ਦੋਸ਼ ਲਾ ਰਹੀ ਹੈ, ਭਾਜਪਾ ਖੁਦ 3.79 ਏਕੜ ਜ਼ਮੀਨ ਤੋਂ ਕੁਝ ਦੂਰੀ ’ਤੇ ਇੱਕ ਹਜ਼ਾਰ ਗਜ਼ ’ਚ ਦਫ਼ਤਰ ਬਣਾ ਰਹੀ ਹੈ। ਇਸ ਜ਼ਮੀਨ ਨੂੰ ਉਨ੍ਹਾਂ ਨੇ ਟਰੱਸਟ ਤੋਂ 4375 ਗਜ਼ ’ਚ ਲਿਆ ਹੈ। ਜਦੋਂ ਕਿ ਇਸ ਦੇ ਨੇੜੇ ਤੇੜੇ ਦੀ ਜ਼ਮੀਨ ਦਾ ਭਾਅ 60 ਹਜ਼ਾਰ ਰੁਪਏ ਪ੍ਰਤੀ ਗਜ਼ ਹੈ।
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਰਕਾਰ ਨੂੰ ਬੋਲੀ ਰੱਦ ਕਰਵਾਉਣ ਦੀ ਅਪੀਲ
ਲੁਧਿਆਣਾ ਵਿੱਚ ਨਗਰ ਸੁਧਾਰ ਟਰੱਸਟ ਦੀ ਇੱਕ ਜ਼ਮੀਨ ਦੀ ਵਿਵਾਦਗ੍ਰਸਤ ਈ-ਬੋਲੀ ਸਬੰਧੀ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾਣ ਮਗਰੋਂ ਆਖਰਕਾਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਹਮਣੇ ਆਏ ਹਨ। ਉਨ੍ਹਾਂ ਪੰਜਾਬ ਸਰਕਾਰ ਕੋਲ ਇਸ ਨੀਲਾਮੀ ਨੂੰ ਰੱਦ ਕਰ ਕੇ ਮੁੜ ਕਰਵਾਉਣ ਦੀ ਅਪੀਲ ਕੀਤੀ ਹੈ। ਮੰਤਰੀ ਨੇ ਟਵੀਟ ਕਰਕੇ ਲਿਖਿਆ, ‘ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਇੱਕ ਜ਼ਮੀਨ ਦੀ ਈ-ਨੀਲਾਮੀ ਸਬੰਧੀ ਵਿਰੋਧੀ ਧਿਰਾਂ ਦੇ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ’ਤੇ ਸਥਿਤੀ ਸਪੱਸ਼ਟ ਕਰਦੇ ਹੋਏ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜ਼ਮੀਨ ਦੀ ਈ-ਨੀਲਾਮੀ ਰੱਦ ਕੀਤੀ ਜਾਵੇ।’ ਆਸ਼ੂ ਨੇ ਅੱਗੇ ਲਿਖਿਆ, ‘ਨਾਲ ਹੀ ਇਸ ਜ਼ਮੀਨ ਦੀ ਈ-ਨੀਲਾਮੀ ਦੀ ਨਵੀਂ ਮਿਤੀ ਵੀ ਜਾਰੀ ਕੀਤੀ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਜੋ ਉਕਤ ਜ਼ਮੀਨ ਜ਼ਿਆਦਾ ਰਾਸ਼ੀ ’ਤੇ ਲੈਣਾ ਚਾਹੁੰਦਾ ਹੈ ਤਾਂ ਉਹ ਨੀਲਾਮੀ ’ਚ ਹਿੱਸਾ ਲੈ ਸਕੇ।’ ਦੱਸ ਦਈਏ ਕਿ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ 3.79 ਏਕੜ ਜ਼ਮੀਨ ਕੌਡੀਆ ਦੇ ਭਾਅ ਵੇਚੇ ਜਾਣ ਦੇ ਮਾਮਲੇ ’ਚ ਭਾਜਪਾ ਨੇ ਸੰਘਰਸ਼ੀ ਰੁੱਖ ਅਪਣਾ ਲਿਆ ਹੈ। ਭਾਜਪਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਆਪਣੇ ਕਰੀਬੀਆਂ ਨੂੰ ਸਸਤੇ ਭਾਅ ਜ਼ਮੀਨ ਵੇਚਣ ਦੇ ਦੋਸ਼ ਲਾਏ ਸਨ। ਭਾਜਪਾ ਨੇ ਚੇਅਰਮੈਨ ਤੇ ਮੰਤਰੀ ਦਾ ਪੁਤਲਾ ਫੂਕਣ ਤੋਂ ਇਲਾਵਾ ਇੱਕ ਦਿਨ ਪਹਿਲਾਂ ਹੀ ਟਰੱਸਟ ਦੇ ਫਿਰੋਜ਼ਗਾਂਧੀ ਮਾਰਕੀਟ ਸਥਿਤ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਵੀ ਲਾਇਆ ਗਿਆ ਸੀ, ਜਿਸ ਤੋਂ ਬਾਅਦ ਯੂਥ ਕਾਂਗਰਸੀਆਂ ਨੇ ਗੇਟ ਨੂੰ ਤਾਲੇ ਸਮੇਤ ਤੋੜ ਦਿੱਤਾ ਸੀ।