ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਅਗਸਤ
ਪਿੰਡ ਅੱਬੂਵਾਲ ਵਿੱਚ ਇਕ ਧਾਰਮਿਕ ਸਥਾਨ ਨੇੜੇ ਸ਼ਰਾਬ ਦੇ ਠੇਕੇ ਦੀ ਨਾਜਾਇਜ਼ ਬਰਾਂਚ ਖ਼ਿਲਾਫ਼ ਪਿੰਡ ਦੀ ਪੰਚਾਇਤ ਵੱਲੋਂ ਮਿਲੀ ਇਕ ਲਿਖਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸੁਧਾਰ ਦੀ ਪੁਲੀਸ ਨੇ ਠੇਕਾ ਬੰਦ ਕਰਵਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਬ ਵਿਕਰੇਤਾ ਬਜਾਜ ਐਂਡ ਕੰਪਨੀ ਵੱਲੋਂ ਨਵੀਂ ਅਬਾਦੀ ਅਕਾਲਗੜ੍ਹ ਤੋਂ ਪਿੰਡ ਅੱਬੂਵਾਲ ਨੂੰ ਜਾਂਦੀ ਸੜਕ ’ਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਸੀ। ਥਾਣਾ ਮੁਖੀ ਸਬ-ਇੰਸਪੈਕਟਰ ਕਰਮਜੀਤ ਸਿੰਘ ਅਨੁਸਾਰ ਥਾਣੇਦਾਰ ਜੌਹਨ ਮਸੀਹ ਨੇ ਪੁਲੀਸ ਪਾਰਟੀ ਸਮੇਤ ਮੌਕਾ ਦੇਖਣ ਮਗਰੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਨਜ਼ੂਰੀ ਨਾ ਹੋਣ ਕਾਰਨ ਠੇਕਾ ਬੰਦ ਕਰਵਾ ਦਿੱਤਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਅੱਬੂਵਾਲ ਦੇ ਸਰਪੰਚ ਰਵਿੰਦਰ ਸਿੰਘ ਸਮੇਤ ਪਿੰਡ ਦੇ ਕਈ ਪਤਵੰਤੇ ਸੱਜਣਾਂ ਨੇ ਲਿਖਤੀ ਸ਼ਿਕਾਇਤ ਰਾਹੀਂ ਦੋਸ਼ ਲਾਇਆ ਸੀ ਕਿ ਸ਼ਰਾਬ ਦਾ ਠੇਕਾ ਬਾਬਾ ਰੂਪ ਨਰਾਇਣ ਜੀ ਗੁਰਦੁਆਰਾ ਸਾਹਿਬ ਨੇੜੇ ਖੋਲ੍ਹਿਆ ਗਿਆ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਸਵੇਰੇ-ਸ਼ਾਮ ਪਿੰਡ ਦੀਆਂ ਔਰਤਾਂ ਅਤੇ ਹੋਰ ਸ਼ਰਧਾਲੂ ਇੱਧਰੋਂ ਮੱਥਾ ਟੇਕਣ ਜਾਂਦੇ ਹਨ। ਕਰ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਰਾਜਨ ਸਹਿਗਲ ਨੇ ਦੱਸਿਆ ਕਿ ਸ਼ਰਾਬ ਵਿਕਰੇਤਾ ਕੰਪਨੀ ਨੇ ਮਨਜ਼ੂਰੀ ਲਈ ਫਾਈਲ ਵਿਭਾਗ ਕੋਲ ਭੇਜੀ ਹੈ ਪਰ ਹਾਲੇ ਵਿਭਾਗੀ ਮਨਜ਼ੂਰੀ ਨਾ ਹੋਣ ਕਾਰਨ ਬਰਾਂਚ ਬੰਦ ਕਰਵਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮਿਲੀ ਸ਼ਿਕਾਇਤ ਅਨੁਸਾਰ ਸ਼ਰਾਬ ਦਾ ਠੇਕਾ ਧਾਰਮਿਕ ਸਥਾਨ ਦੇ ਨੇੜੇ ਹੈ, ਇਸ ਸਬੰਧੀ ਇਕ ਟੀਮ ਦਾ ਗਠਨ ਕਰ ਕੇ ਜਲਦੀ ਇਸ ਦੀ ਜਾਂਚ ਕਰਵਾਈ ਜਾਵੇਗੀ।