ਦੇਵਿੰਦਰ ਸਿੰਘ ਜੱਗੀ
ਪਾਇਲ, 29 ਅਕਤੂਬਰ
ਇੱਥੇ ਦਾਣਾ ਮੰਡੀ ਰੌਣੀ ਵਿੱਚ ਮਜ਼ਦੂਰਾਂ ਲਈ ਪਖਾਨਿਆਂ ਦੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਮੰਡੀ ਵਿੱਚ ਕੰਮ ਕਰਦੇ ਸੈਂਕੜੇ ਮਜ਼ਦੂਰ ਬੇਹੱਦ ਪ੍ਰੇਸ਼ਾਨ ਹਨ। ਦਾਣਾ ਮੰਡੀ ਰੌਣੀ ਦਾ ਦੌਰਾ ਕਰਨ ’ਤੇ ਮੰਡੀ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਬੇਹੱਦ ਪੁਰਾਣੇ ਤੇ ਖਸਤਾ ਹਾਲਤ ਵਿੱਚ ਪਖਾਨੇ ਬਣੇ ਹੋਏ ਹਨ, ਕਈਆਂ ਦੇ ਦਰਵਾਜ਼ੇ ਹੀ ਨਹੀਂ ਹਨ। ਆਰਜ਼ੀ ਤੌਰ ’ਤੇ ਬਣੇ ਪਖਾਨਿਆਂ ਦਾ ਸਫਾਈ ਪੱਖੋਂ ਬੁਰਾ ਹਾਲ ਹੈ, ਜਿਸ ਕਾਰਨ ਮਜ਼ਦੂਰਾਂ ਤੇ ਕਿਸਾਨਾਂ ਨੂੰ ਭਾਰੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਬਾਰੇ ਸਬੰਧਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਰ ਸ਼ੀਜਨ ਦੌਰਾਨ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਪਖਾਨਿਆ ਬਾਰੇ ਬੇਨਤੀ ਕੀਤੀ ਜਾਂਦੀ ਹੈ ਪਰ ਪਰਨਾਲਾ ਉਥੇ ਦਾ ਉੁਥੇ ਹੀ ਹੈ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਖਾਨਿਆਂ ਦੀ ਸਫਾਈ ਕਰਵਾਈ ਜਾਵੇ ਅਤੇ ਨਹਾਉਣ ਲਈ ਬਾਥਰੂਮ ਬਣਾਏ ਜਾਣ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਪਖਾਨੇ ਕੱਚੇ ਬਣੇ ਹੋਏ ਹਨ, ਪੱਕੇ ਉਹ ਬਣਾ ਨਹੀਂ ਸਕਦੇ ਕਿਉਂਕਿ ਇਹ ਥਾਂ ਗਰਾਮ ਪੰਚਾਇਤ ਰੌਣੀ ਦੀ ਹੈ। ਜੇ ਪੰਚਾਇਤ ਮਤਾ ਪਾ ਕੇ ਦੇਵੇ ਤਾਂ ਉਹ ਮਾਰਕੀਟ ਕਮੇਟੀ ਵੱਲੋਂ ਪਖਾਨੇ ਤੇ ਬਾਥਰੂਮ ਬਣਵਾ ਦੇਣਗੇ।
ਪੰਚਾਇਤ ਮਾਰਕੀਟ ਕਮੇਟੀ ਨੂੰ ਦੁਬਾਰਾ ਮਤਾ ਪਾ ਕੇ ਦੇਣ ਨੂੰ ਤਿਆਰ: ਪੰਚ
ਉਧਰ ਪਿੰਡ ਰੌਣੀ ਦੀ ਸਰਪੰਚ ਰਣਜੀਤ ਕੌਰ ਦੇ ਪੁੱਤਰ ਪੰਚ ਸਰਬਜੀਤ ਸਿੰਘ ਲੱਕੀ ਰੌਣੀ ਨੇ ਕਿਹਾ ਕਿ ਜਦੋਂ ਰੌਣੀ ਦਾਣਾ ਮੰਡੀ ਬਣੀ ਸੀ ਤਾਂ ਉਸ ਸਮੇਂ ਪੰਚਾਇਤ ਵੱਲੋਂ ਮਾਰਕੀਟ ਕਮੇਟੀ ਨੂੰ ਮਤਾ ਪਾ ਕੇ ਦਿੱਤਾ ਸੀ। ਇਹ ਦਾਣਾ ਮੰਡੀ ਵਾਲੀ ਥਾਂ ਹੁਣ ਮਾਰਕੀਟ ਕਮੇਟੀ ਦੇ ਨਾਂ ਬੋਲ ਰਹੀਂ ਹੈ। ਜੇ ਮਾਰਕੀਟ ਕਮੇਟੀ ਦੁਬਾਰਾ ਮਤਾ ਮੰਗਦੀ ਹੈ ਤਾਂ ਦੁਬਾਰਾ ਮਤਾ ਪਾ ਕੇ ਦੇਣ ਨੂੰ ਤਿਆਰ ਹਨ ਪਰ ਕਮੇਟੀ ਮਜ਼ਦੂਰਾਂ ਨੂੰ ਬਾਥਰੂਮ ਤੇ ਪਖਾਨੇ ਬਣਾ ਕੇ ਦੇਵੇ।