ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਸਤੰਬਰ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਉੱਪਰ ਬਣੇ ਪੁਲਾਂ ਦੀ ਹਾਲਤ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ । ਬੀਤੀ 29 ਅਗਸਤ ਨੂੰ ਸਵੱਖਤੇ ਮੋਗਾ ਨਾਲ ਸਬੰਧਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਹਾਦਸੇ ਕਾਰਨ ਪੁਲ ਤੋਂ ਹੇਠਾਂ ਡਿੱਗੇ ਅਤੇ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਅਲੀਗੜ੍ਹ ਪਿੰਡ ਕੋਲ ਬਣੇ ਪੁਲ ਤੋਂ ਪਿੰਡ ਗਾਲਬਿ ਕਲਾਂ ਦੇ ਨੌਜਵਾਨ ਹੰਪਾਂ ਕਾਰਨ ਬੇਕਾਬੂ ਹੋਈ ਕਾਰ ਸਮੇਤ ਹੇਠਾਂ ਡਿੱਗੇ ਅਤੇ ਮੌਤ ਦੇ ਮੂੰਹ ਜਾ ਪਏ। ਪਿਛਲੇ ਕਾਫੀ ਦਿਨਾਂ ਤੋਂ ਪਿੰਡ ਮਲਕ ਵਾਲੀ ਲਿੰਕ ਸੜਕ ’ਤੇ ਬਣੇ ਪੁਲ ਦੀ ਕੱਚਾ ਮਲਕ ਰੋਡ ਵਾਲੇ ਪਾਸੇ ਮੁੱਢ ਤੋਂ ਰੇਲਿੰਗ ਟੁੱਟੀ ਹੋਈ ਹੈ।
ਇਸ ਵੱਲ ਨਾ ਤਾਂ ਪ੍ਰਸ਼ਾਸਨ ਦਾ ਅਤੇ ਨਾ ਹੀ ਮਾਰਗ ’ਤੇ ਟੌਲ ਲਗਾਈ ਬੈਠੀ ਕੰਪਨੀ ਦਾ ਧਿਆਨ ਹੈ। ਰਾਤ ਦੇ ਹਨੇਰੇ ਅਤੇ ਪੁਲਾਂ ਉਪਰ ਬਣਾਈਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਮੋਗਾ ਤੋਂ ਲੈ ਕੇ ਬੱਦੋਵਾਲ ਛਾਉਣੀ ਤੱਕ ਸਾਰੇ ਮਾਰਗ ’ਤੇ ਬਣੇ ਪੁਲਾਂ ਵਿੱਚੋਂ ਸੁਰੱਖਿਆ ਮਾਪਦੰਡਾਂ ਦੇ ਮਾਮਲੇ ਵਿੱਚ ਇੱਕ ਵੀ ਪੁਲ ਖਰਾ ਨਹੀਂ ਉਤਰਦਾ।
ਪੁਲਾਂ ਦੇ ਦੋਵੇਂ ਪਾਸੇ ਲਗਾਈਆਂ ਸਲੇਟਾਂ ਵਿੱਚ ਵੱਡੇ-ਵੱਡੇ ਦਰੱਖਤ ਉੱਗੇ ਹੋਏ ਹਨ। ਇਨ੍ਹਾਂ ਕਾਰਨ ਪੁਲਾਂ ਦੀ ਅੰਦਰੋਂ ਹਾਲਤ ਖਸਤਾ ਹੋ ਚੁੱਕੀ ਹੈ। ਐਡਵੋਕੇਟ ਗੁਰਤੇਜ਼ ਸਿੰਘ ਗਿੱਲ, ਸਤਪਾਲ ਗਰੇਵਾਲ, ਪ੍ਰੋ.ਕਰਮ ਸਿੰਘ ਸੰਧੂ ਨੇ ਪ੍ਰਸ਼ਾਸਨ ਤੋਂ ਇਸ ਵੱਲ ਫੋਰਨ ਧਿਆਨ ਦੇਣ ਦੀ ਮੰਗ ਕੀਤੀ ਹੈ।
ਪੁਲ ਤੇ ਟੁੱਟੀ ਰੇਲਿੰਗ ਬਾਰੇ ਜਦੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਇਹ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਇਸ ਬਾਰੇ ਜਲਦੀ ਸਬੰਧਤ ਵਿਭਾਗ ਨਾਲ ਗੱਲ ਕੀਤੀ ਜਾਵੇਗੀ।