ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਬੀਤੀ ਦਿਨੀਂ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਮੁੱਦੇ ਨੂੰ ਲੈ ਕੇ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਹੋਈ ਬਹਿਸ ਤੋਂ ਬਾਅਦ ਅੱਜ ਸਫ਼ਾਈ ਸੇਵਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਬਾਹਰ ਧਰਨਾ ਦੇਣ ਪੁੱਜ ਗਏ। ਕੂੜੇ ਦਾ ਰੇਹੜਾ ਭਰ ਕੇ ਸਫ਼ਾਈ ਸੇਵਕਾਂ ਨੇ ਸਾਬਕਾ ਮੰਤਰੀ ਆਸ਼ੂ ਦੇ ਘਰ ਨੇੜੇ ਸੁੱਟ ਦਿੱਤਾ। ਇਸ ਮੌਕੇ ’ਤੇ ਸਫ਼ਾਈ ਸੇਵਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਹੋਈ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ’ਚ ਉਨ੍ਹਾਂ ਨੂੰ ਪੱਕਾ ਕਰਨ ਦੇ ਪ੍ਰਸਤਾਵ ਦਾ ਕੌਂਸਲਰ ਅਤੇ ਸਾਬਕਾ ਮੰਤਰੀ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਵਿਰੋਧ ਕੀਤਾ ਸੀ, ਜਿਸ ਤੋਂ ਉਹ ਦੁਖੀ ਹਨ, ਇਸ ਲਈ ਉਹ ਉਨ੍ਹਾਂ ਦਾ ਵਿਰੋਧ ਕਰਨ ਘਰ ਪੁੱਜੇ ਹਨ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਕੌਂਸਲਰ ਮਮਤਾ ਆਸ਼ੂ ਤੇ ਸਾਬਕਾ ਮੰਤਰੀ ਆਸ਼ੂ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੇਅਰ ਬਲਕਾਰ ਸੰਧੂ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਸਫ਼ਾਈ ਸੇਵਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਮਤਾ ਆਸ਼ੂ ਧਰਨਾ ਦੇ ਰਹੇ ਸਫ਼ਾਈ ਸੇਵਕਾਂ ਨਾਲ ਗੱਲ ਕਰਨ ਲਈ ਘਰੋਂ ਬਾਹਰ ਆਈ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸਤਾਵ ਦਾ ਵਿਰੋਧ ਨਹੀਂ ਕੀਤਾ ਅਤੇ ਉਹ ਸਿਰਫ਼ ਸੂਚੀ ’ਚ ਮ੍ਰਿਤਕਾਂ ਦਾ ਨਾਮ ਸ਼ਾਮਲ ਕਰਨ ਦੇ ਵਿਰੋਧ ’ਚ ਹਨ ਤਾਂ ਕਿ ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਹੋ ਸਕੇ।
ਦੱਸ ਦਈਏ ਕਿ ਬੀਤੇ ਦਿਨੀਂ ਸਫ਼ਾਈ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਤੇ ’ਤੇ ਕੌਂਸਲਰ ਮਮਤਾ ਆਸ਼ੂ ਨੇ ਅਸਹਿਮਤੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਪਿਛਲੀ ਮੀਟਿੰਗ ’ਚ ਪੇਸ਼ ਕੀਤੀ ਗਈ ਸੂਚੀ ’ਚ ਹਾਊਸ ਨੂੰ ਗੁਮਰਾਹ ਕਿਉਂ ਕੀਤਾ ਗਿਆ। ਗਲਤ ਸੂਚੀ ਤਿਆਰ ਕਰਨ ਵਾਲੇ ਅਧਿਕਾਰੀਆਂ ’ਤੇ ਕੀ ਕਾਰਵਾਈ ਕੀਤੀ ਗਈ ਹੈ। ਜਦੋਂ ਤੱਕ ਨਿਗਮ ਕਮਿਸ਼ਨਰ ਕੀਤੀ ਗਈ ਕਾਰਵਾਈ ਬਾਰੇ ਨਹੀਂ ਦੱਸਦੇ, ਉਦੋਂ ਤੱਕ ਪ੍ਰਸਤਾਵ ਨੂੰ ਪੈਂਡਿੰਗ ਰੱਖਿਆ ਜਾਵੇਗਾ।