ਦੇਵਿੰਦਰ ਸਿੰਘ ਜੱਗੀ
ਪਾਇਲ, 20 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨ ਵੋਟਰਾਂ ਵਿੱਚ ਵੋਟਾਂ ਪਾਉਣ ਦਾ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ। ਹਲਕਾ ਪਾਇਲ ਦੇ ਪਿੰਡ ਅਲੂਣਾ ਤੋਲਾ ਦਾ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਕੇਵਲ ਸਿੰਘ ਆਪਣੇ ਪਰਿਵਾਰ ਸਣੇ ਵੋਟਾਂ ਪਾ ਕੇ ਖੁਸ਼ੀ-ਖੁਸ਼ੀ ਲਾੜੀ ਨੂੰ ਵਿਆਹੁਣ ਲਈ ਬਰਾਤ ਲੈ ਕੇ ਰਵਾਨਾ ਹੋਇਆ। ਇਸ ਮੌਕੇ ਵੋਟਾਂ ਪਵਾਉਣ ਆਏ ਅਮਲੇ ਨੇ ਲਾੜੇ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਬਰਾਤ ਚੜ੍ਹਨ ਸਮੇਂ ਲਾੜੇ ਪਰਮਿੰਦਰ ਸਿੰਘ ਨੇ ਕਿਹਾ ਕਿ ਚੰਗੀ ਸਰਕਾਰ ਬਣਾਉਣ ਲਈ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇ। ਵੋਟ ਪਾਉਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ ਜੋ ਬਿਨਾਂ ਡਰ ਭੈਅ ਤੋਂ ਦੇਸ਼ ਦੀ ਤਰੱਕੀ ਕਰਨ ਵਾਲੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਵੇ।
ਧੀ ਦੀ ਡੋਲੀ ਵਿਦਾ ਕਰ ਕੇ ਪੋਲਿੰਗ ਬੂਥ ਪੁੱਜੀ ਔਰਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਲੋਕਤੰਤਰ ਦੇ ਮਹਾਂਉਤਸਵ ’ਚ ਨਵੀਂ ਸਰਕਾਰ ਚੁਣਨ ਲਈ ਲੋਕਾਂ ਨੇ ਐਤਵਾਰ ਨੂੰ ਸਾਰੇ ਕੰਮ ਛੱਡ ਕੇ ਵੋਟਾਂ ਪਾਈਆਂ। ਲੁਧਿਆਣਾ ਵਿੱਚ ਇੱਕ ਅਜਿਹੀ ਹੀ ਔਰਤ ਹਲਕਾ ਪੱਛਮੀ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਪੁੱਜੀ, ਜਿਸ ਦੀ ਧੀ ਦਾ ਅੱਜ ਵਿਆਹ ਸੀ। ਉਹ ਧੀ ਦੀ ਡੋਲੀ ਵਿਦਾ ਕਰਦੇ ਹੀ ਸਿੱਧਾ ਪੋਲਿੰਗ ਬੂਥ ਪੁੱਜੀ, ਜਿੱਥੇ ਉਸ ਨੇ ਦੇਰ ਸ਼ਾਮ ਸਾਢੇ ਪੰਜ ਵਜੇ ਤੋਂ ਬਾਅਦ ਵੋਟ ਪਾਈ। ਸਨਅਤੀ ਸ਼ਹਿਰ ਦੇ ਹਲਕਾ ਲਾਜਪਤ ਨਗਰ ਦੀ ਰਹਿਣ ਵਾਲੀ ਨੀਤਾ ਨੇ ਦੱਸਿਆ ਕਿ ਸ਼ਨਿੱਚਰਵਾਰ ਦੀ ਰਾਤ ਨੂੰ ਉਨ੍ਹਾਂ ਦੀ ਲੜਕੀ ਦੀ ’ਚ ਰਿੰਗ ਸੈਰੇਮਨੀ ਸੀ। ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ’ਚ ਆਨੰਦ ਕਾਰਜ ਹੋਣੇ ਸਨ। ਉਹ ਐਤਵਾਰ ਦੀ ਸਵੇਰੇ ਵੋਟ ਨਹੀਂ ਪਾ ਸਕੀ ਤਾਂ ਸੋਚਿਆ ਕਿ ਉਹ ਸ਼ਾਮ ਨੂੰ ਪਾ ਦੇਵੇਗੀ, ਪਰ ਐਤਵਾਰ ਦੀ ਸਵੇਰੇ ਆਨੰਦ ਕਾਰਜ ਕਰਵਾਉਣ ਤੋਂ ਬਾਅਦ ਲੜਕੀ ਦੀ ਵਿਦਾਈ ਲਈ ਉਨ੍ਹਾਂ ਨੂੰ ਸ਼ਾਮ ਹੋ ਗਈ ਜੇ ਉਹ ਘਰ ਜਾਂਦੀ ਤਾਂ ਉਨ੍ਹਾਂ ਨੂੰ ਸਮਾਂ ਲੱਗ ਜਾਂਦਾ, ਇਸ ਲਈ ਉਹ ਸਿੱਧਾ ਵੋਟ ਪਾਉਣ ਲਈ ਪੁੱਜ ਗਏ। ਉਹ ਗੁਰਦੁਆਰਾ ਸਾਹਿਬ ਤੋਂ ਘਰ ਜਾਣ ਦੀ ਥਾਂ ਸਿੱਧਾ ਪੋਲਿੰਗ ਬੂਥ ’ਤੇ ਪੁੱਜੀ ਅਤੇ ਵੋਟ ਪਾਈ।