ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਮਹਿਫ਼ਿਲ-ਏ-ਅਦੀਬ ਸੰਸਥਾ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ‘ਸ਼ਹੀਦ ਊਧਮ ਸਿੰਘ’ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਡਾ. ਬਲਦੇਵ ਸਿੰਘ ਤੇ ਰਛਪਾਲ ਸਿੰਘ ਚਕਰ ਨੇ ਕੀਤੀ। ਸ਼੍ਰੋਮਣੀ ਗੀਤਕਾਰ ਅਮਰੀਕ ਤਲਵੰਡੀ ਮੁੱਖ ਮਹਿਮਾਨ ਅਤੇ ਪ੍ਰਸਿੱਧ ਕਹਾਣੀਕਾਰ ਪ੍ਰੋ. ਗੁਰਦੇਵ ਸਿੰਘ ਸੰਦੌੜ, ਕੈਪਟਨ ਸੋਹਨ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਅਦੀਬਾਂ ਵੱਲੋਂ ਸ਼ਾਇਰ ਰੂਮੀ ਰਾਜ ਦੇ ਪਲੇਠੇ ਕਾਵਿ-ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਨੂੰ ਲੋਕ ਅਰਪਨ ਕਰਨ ਨਾਲ ਹੋਈ। ਅਗਲੇ ਪੜਾਅ ’ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਸ਼੍ਰੋਮਣੀ ਗੀਤਕਾਰ ਅਮਰੀਕ ਤਲਵੰਡੀ ਨੇ ‘ਦੇਸ਼ ਲਈ ਜੋ ਮਰਦੇ, ਮਰਕੇ ਵੀ ਜਿਊਂਦੇ ਨੇ’ ਗੀਤ, ਗਾਇਕ ਮਨੀ ਹਠੂਰ ਨੇ ‘ਮਾਂ’ ਗੀਤ, ਮਹਿੰਦਰ ਸੰਧੂ ਨੇ ‘ਕਹਿੰਦੇ ਸਾਉਣ ਮਹੀਨਾ ਹੁਣ ਤਾਂ ਹਰਿਆ ਹੋਜੇਂਗਾ’, ਜਗਦੀਸ਼ਪਾਲ ਮਹਿਤਾ ਨੇ ‘ਮੈਨੂੰ ਸਾਂਭ ਲਉ ਲੋਕੋ ਸੱਭਿਆਚਾਰ ਦੁਹਾਈਆਂ ਪਾਉਂਦਾ’, ਕੈਪਟਨ ਪੂਰਨ ਸਿੰਘ ਗਗੜਾ ਨੇ ਸ਼ੇਅਰ, ਸਿੱਧੂ ਸਰਬਜੀਤ, ਗੋਨੀ ਠੁੱਲੀਵਾਲ, ਜੀਤ ਛੱਜਾਵਾਲ, ਗੀਤਕਾਰ ਪ੍ਰੀਤ ਖੇਤਲਾ, ਸੂਫ਼ੀ ਸ਼ਾਇਰ ਸੀਰਾ ਲੁਹਾਰ, ਗਾਇਕ ਜੱਸੀ ਹਰਦੀਪ ਆਦਿ ਨੇ ਗੀਤ, ਆਰਟਿਸਟ ਜਗਤਾਰ ਕਲਸੀ ਨੇ ਹਾਸ ਵਿਅੰਗ, ਸ਼ਿੰਗਾਰਾ ਸਿੰਘ ਰੂਮੀ ਨੇ ‘ਅੱਖੀਆਂ ਤੂੰ ਪੂੰਝ ਬਾਬਲਾ ਧੀਆਂ ਧੰਨ ਸੀ ਪਰਾਇਆ ਤੇਰੀ’ ਗੀਤ, ਸ਼ਾਇਰ ਰੂਮੀ ਰਾਜ ਨੇ ਰਚਨਾ ਸਾਂਝੀ ਕੀਤੀ।