ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਗਸਤ
ਪੰਜਾਬੀ ਗ਼ਜ਼ਲ ਮੰਚ ਫਿਲੌਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੰਜਾਬੀ ਭਵਨ ਵਿੱਚ ਪ੍ਰਧਾਨ ਸਰਦਾਰ ਪੰਛੀ ਅਤੇ ਗੁਰਚਰਨ ਕੌਰ ਕੋਛਰ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਵਿਛੜੇ ਸਾਹਿਤਕਾਰ ਮੋਹਣ ਕਾਹਲੋਂ, ਸਰੂਪ ਸਿੰਘ ਅਲੱਗ, ਪ੍ਰੇਮ ਸਿੰਘ ਕੁਮੇਦਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮੀਟਿੰਗ ਵਿੱਚ ਕਹਾਣੀਕਾਰ ਇੰਦਰਜੀਤਪਾਲ ਕੌਰ ਦੀ ਨੌਵੀਂ ਕਥਾ ਪੁਸਤਕ ‘ਕੰਧ ਤੇ ਲੱਗੀ ਬਿੰਦੀ’ ਲੋਕ ਅਰਪਣ ਕੀਤੀ ਗਈ। ਇਸ ਉਪਰੰਤ ਭਖਦੇ ਮੁਦਿਆਂ ਤੇ ਚਰਚਾ ਹੋਈ। ਸਮਾਂਨਾਤਰ ਨਜ਼ਰੀਆ ਮੈਗਜ਼ੀਨ ਦੇ ਸੰਪਾਦਕ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਹਿਤਕਾਰ ਦੇ ਫਰਜ਼ ਬਾਰੇ ਗੱਲ ਤੋਰਦਿਆਂ ਬੁੱਧੀ ਜੀਵੀਆਂ ਦੀ ਖਰੀਦੋ ਫਰੋਖਤ ਅਤੇ ਦੇਸ਼ ਵਿਚ ਆਰਐੱਸਐੱਸ ਵੱਲੋਂ ਸਾਹਿਤਕ ਸੰਸਥਾਵਾਂ ਵਿੱਚ ਕੀਤੇ ਜਾ ਰਹੇ ਕੋਝੇ ਯਤਨਾਂ ਬਾਰੇ ਸੁਚੇਤ ਕੀਤਾ। ਮੰਚ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਆਰਐੱਸਐੱਸ ਦੇ ਘਿਨਾਉਣੇ ਮਨਸੂਬਿਆਂ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ। ਪੱਮੀ ਹਬੀਬ ਨੇ ਮਿੰਨੀ ਕਹਾਣੀ ‘ਦੁੱਧ ਧੋਤੇ’ ਸੁਣਾਈ। ਅਖੀਰ ’ਚ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਫਿਰ ਇਸੇ ਤਰ੍ਹਾਂ ਮਿਲਣ ਦਾ ਵਾਅਦਾ ਕੀਤਾ।
ਕਵੀ ਦਰਬਾਰ ਦੌਰਾਨ ਕਵੀਆਂ ਨੇ ਬੰਨ੍ਹਿਆ ਰੰਗ
ਜਗਰਾਉਂ(ਪੱਤਰ ਪ੍ਰੇਰਕ): ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਸਾਉਣ ਮਹੀਨੇ ਨੂੰ ਸਮਰਪਿਤ ਕਰਦਿਆਂ ਸਭਾ ਦੇ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਦਫਤਰ ਸਜੀ ਮਹਿਫਿਲ ਵਿੱਚ ਪਰਵਾਸੀ ਕਵੀ ‘ਜਗਜੀਤ ਸੰਧੂ’ ਵਿਸ਼ੇਸ ਮਹਿਮਾਨ ਵੱਜ਼ੋਂ ਹਾਜ਼ਰ ਹੋਏ। ਉਨ੍ਹਾਂ ਦਾ ਸਭਾ ਦੀ ਪ੍ਰੰਪਰਾਵਾਂ ਅਨੁਸਾਰ ਸਾਬਕਾ ਪ੍ਰਧਾਨ ਪ੍ਰਭਜੋਤ ਸੋਹੀ, ਪ੍ਰੋ. ਕਰਮ ਸਿੰਘ ਸੰਧੂ, ਹਰਕੋਮਲ ਬਰਿਆਰ, ਦਲਜੀਤ ਹਠੂਰ ਅਤੇ ਅਵਤਾਰ ਜਗਰਾਉਂ ਵੱਲੋਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਉਪਰੰਤ ਦਲਜੀਤ ਹਠੂਰ ਨੇ ਪਿਛਲੇ ਦਿਨੀਂ ਵਿਛੜੇ ਨਾਵਲਕਾਰ ਮੋਹਨ ਪ੍ਰਤੀ ਸ਼ੋਕ ਮਤਾ ਪੇਸ਼ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਪ੍ਰੋ.ਕਰਮ ਸਿੰਘ ਸੰਧੂ ਨੇ ਸਭਾ ਵਿੱਚ ਨਵੇਂ ਆਏ ਮੈਂਬਰ ਹਰਪ੍ਰੀਤ ਲੱਧੜ, ਮਨਦੀਪ ਸਿੰਘ, ਰਣਜੀਤ ਹਠੂਰ ਦਾ ਸਵਾਗਤ ਕੀਤਾ। ਉਪਰੰਤ ਪਰਵਾਸੀ ਕਵੀ ਜਗਜੀਤ ਸੰਧੂ ਵੱਲੋਂ ਆਪਣੀ ਕਾਵਿ ਪੁਸਤਕ ‘ਹੁਣ ਤਾਈਂ’ ਦੀਆਂ ਕਾਪੀਆਂ ਸਭਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਭੇਟ ਕੀਤੀਆਂ ਗਈਆਂ। ਸਮਾਗਮ ਦੇ ਅੰਤਿਮ ਪੜਾਅ ਵਿੱਚ ਕਵੀਆਂ ਨੇ ਸਾਉਣ ਮਹੀਨੇ ਨੂੰ ਸਮਰਪਿਤ ਰਚਨਾਵਾਂ ਦੀ ਸਾਂਝ ਪਾਈ।