ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਗਸਤ
ਸੁਭਾਨੀ ਬਿਲਡਿੰਗ ਸਥਿਤ ਇੱਕ ਹੋਟਲ ਦੇ ਕਮਰੇ ਵਿੱਚੋਂ ਦੇਰ ਰਾਤ ਮਹਿਲਾ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਜਦੋਂ ਹੋਟਲ ਦਾ ਕਰਮਚਾਰੀ ਕਮਰੇ ਵੱਲ ਗਿਆ ਤਾਂ ਕਮਰਾ ਅੰਦਰੋਂ ਬੰਦ ਸੀ। ਉਸ ਨੇ ਤੁਰੰਤ ਹੋਟਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਏਸੀਪੀ ਕੇਂਦਰੀ ਰਮਨਦੀਪ ਸਿੰਘ ਭੁੱਲਰ ਤੇ ਥਾਣਾ ਕੋਤਵਾਲੀ ਦੀ ਪੁਲੀਸ ਨੇ ਦੂਜੀ ਚਾਬੀ ਨਾਲ ਖੋਲ੍ਹਿਆ ਤਾਂ ਅੰਦਰ ਮਹਿਲਾ ਦੀ ਲਾਸ਼ ਲਟਕ ਰਹੀ ਸੀ। ਪੁਲੀਸ ਨੇ ਜਾਂਚ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮਹਿਲਾ ਨੇ ਖੁਦਕੁਸ਼ੀ ਕੀਤੀ ਹੈ, ਜਦ ਕਿ ਬਾਕੀ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਸਪੱਸ਼ਟ ਹੋਵੇਗੀ। ਏਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਫਿਰਦੌਸ ਵਾਸੀ ਸਹਾਰਨਪੁਰ ਵਜੋਂ ਹੋਈ ਹੈ, ਜੋ ਇੱਥੋਂ ਦੇ ਧਰਮਪੁਰਾ ਇਲਾਕੇ ’ਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਰਿਕਾਰਡ ਅਨੁਸਾਰ ਉਹ ਇੱਕ ਨੌਜਵਾਨ ਨਾਲ ਹੋਟਲ ’ਚ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਵਿਆਹ ਮਗਰੋਂ ਉਸ ਦੀ ਆਪਣੇ ਪਤੀ ਨਾਲ ਅਣਬਣ ਸੀ, ਜਿਸ ਵਿਅਕਤੀ ਨਾਲ ਉਸ ਦੇ ਸਬੰਧੀ ਸੀ, ਉਸ ਨਾਲ ਵੀ ਉਸ ਦੀ ਅਣਬਣ ਹੋਈ ਸੀ। ਮਹਿਲਾ ਦੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਹੀ ਨੌਜਵਾਨ ਉਸ ਨੂੰ ਮਿਲ ਕੇ ਗਿਆ ਸੀ। ਪੁਲੀਸ ਨੂੰ ਸ਼ੱਕ ਹੈ ਕਿ ਦੋਵਾਂ ਵਿੱਚ ਕਿਸੇ ਗੱਲੋਂ ਬਹਿਸ ਹੋਈ ਹੋਵੇਗੀ, ਜਿਸ ਮਗਰੋਂ ਗੁੱਸੇ ਵਿੱਚ ਮਹਿਲਾ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਨੌਜਵਾਨ ਦਾ ਪਤਾ ਲਾਇਆ ਜਾ ਰਿਹਾ ਹੈ।