ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਬਾਬਾ ਵਿਸ਼ਵਕਰਮਾ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਵਿਸ਼ਵਕਰਮਾ ਪਾਰਕ ਜੈਮਲ ਰੋਡ, ਜਨਤਾ ਨਗਰ ਵਿੱਚ ਬਾਬਾ ਵਿਸ਼ਵਕਰਮਾ ਦਾ ਪ੍ਰਕਾਸ਼ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਹਾਜ਼ਰ ਹੋਏ।
ਇਸ ਮੌਕੇ ਵਿਧਾਇਕ ਸਿੱਧੂ ਨੇ ਬਾਬਾ ਵਿਸ਼ਵਕਰਮਾ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਜੱਸਾ ਸਿੰਘ ਰਾਮਗੜ੍ਹੀਆ ਗੇਟ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਕਰਨੈਲ ਸਿੰਘ ਕਲਸੀ, ਕੁਲਦੀਪ ਸਿੰਘ ਬਿੱਟਾ, ਨਰੇਸ਼ ਧੀਂਗਾਨ, ਜਸਬੀਰ ਸਿੰਘ ਜੱਸਲ, ਨੀਲਮ ਪਨੇਸਰ, ਦਵਿੰਦਰ ਸਿੰਘ ਲੋਟੇ ਅਤੇ ਸੁਰਜੀਤ ਸਿੰਘ ਲੋਟੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫਾਊਂਡੇਸ਼ਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਤੋਂ ਇਲਾਕੇ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਕੀਤੀ ਗਈ। ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਜਲਦੀ ਹੀ ਇਹ ਮੰਗ ਵੀ ਪੂਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਸੰਸਥਾ ਦੇ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ ਅਮਰੀਕ ਸਿੰਘ ਘੜਿਆਲ, ਪ੍ਰਧਾਨ ਰਣਜੀਤ ਸਿੰਘ ਮਠਾੜੂ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਨਿਰਮਲ ਸਿੰਘ ਸਿੰਘ ਸੈਂਹਬੀ ਅਮਰੀਕਾ, ਚਰਨਜੀਤ ਸਿੰਘ ਵਿਸ਼ਵਕਰਮਾ, ਗੋਲਡੀ, ਰਘਬੀਰ ਸਿੰਘ ਘਟੋੜੇ, ਰਾਜਾ ਲੋਟੇ, ਹੈਪੀ ਦਹੇਲ, ਗੁਰਪ੍ਰੀਤ ਸਿੰਘ ਸੋਹਲ, ਜਗਬੀਰ ਸਿੰਘ ਸੋਖੀ, ਰਜਿੰਦਰ ਸਿੰਘ ਖੁਰਲ, ਜਰਨੈਲ ਸਿੰਘ ਅਤੇ ਸਾਬਕਾ ਆਈਜੀ.ਇਕਬਾਲ ਸਿੰਘ ਗਿੱਲ ਨੂੰ ਬਾਬਾ ਵਿਸ਼ਵਕਰਮਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪਾਇਲ (ਪੱਤਰ ਪ੍ਰੇਰਕ): ਹਲਕਾ ਪਾਇਲ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਬਾਬਾ ਵਿਸ਼ਵਕਰਮਾ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਵੱਖ ਵੱਖ ਥਾਵਾਂ ਪਾਇਲ, ਭਾਡੇਵਾਲ, ਘੁਡਾਣੀ ਕਲਾਂ, ਰੌਣੀ ਆਦਿ ਮੰਦਰਾਂ ਵਿੱਚ ਬਾਬਾ ਵਿਸ਼ਵਕਰਮਾ ਦੇ ਦਿਵਸ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਬਾਬਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਆੜ੍ਹਤੀ ਅਵਿਨਾਸ਼ ਪ੍ਰੀਤ ਸਿੰਘ ਜੱਲਾ, ਪੀਏ ਮਨਜੀਤ ਸਿੰਘ ਡੀ.ਸੀ, ਸਰਪੰਚ ਪ੍ਰਗਟ ਸਿੰਘ ਸਿਆੜ ਆਦਿ ਆਗੂ ਨਤਮਸਤਕ ਹੋਏ। ਬਾਬਾ ਵਿਸ਼ਵਕਰਮਾ ਮੰਦਰ ਕਮੇਟੀਆਂ ਵੱਲੋਂ ਆਗੂਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਵੱਲੋਂ ਬਖਸ਼ੇ ਹੁਨਰ ਸਦਕਾ ਹੀ ਤਰੱਕੀਆਂ ਦੇ ਰਾਹ ’ਤੇ ਹਾਂ। ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਵੀ ਮੰਦਰਾਂ ਵਿੱਚ ਜਾ ਕੇ ਸਿਜਦਾ ਕੀਤਾ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਕਿਰਤੀਆਂ ਦੇ ਧਾਰਮਿਕ ਗੁਰੂ ਵਿਸ਼ਵਕਰਮਾ ਜੀ ਦਾ ਆਗਮਨ ਦਿਵਸ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਮਜ਼ਦੂਰ ਜਥੇਬੰਦੀਆਂ ਨੇ ਆਪਣੇ-ਆਪਣੇ ਢੰਗ ਨਾਲ ਮਨਾਇਆ। ਕਈ ਪਿੰਡਾਂ ਵਿਚ ਰਾਮਗੜ੍ਹੀਆ ਭਾਈਚਾਰੇ ਦੇ ਗੁਰੂਘਰਾਂ ਤੋਂ ਇਲਾਵਾ ਰਾਏਕੋਟ ਸ਼ਹਿਰ, ਬੱਸੀਆਂ, ਪੱਖੋਵਾਲ, ਜੋਧਾਂ, ਗੁਰੂਸਰ ਸੁਧਾਰ, ਮੁੱਲਾਂਪੁਰ ਸਮੇਤ ਹੋਰ ਥਾਂਵਾਂ ‘ਤੇ ਵੀ ਵਿਸ਼ਵਕਰਮਾ ਜੀ ਦਾ ਆਗਮਨ ਦਿਵਸ ਧਾਰਮਿਕ ਸਮਾਗਮਾਂ ਦੌਰਾਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਦਕਿ ਵੱਖ-ਵੱਖ ਵਰਗਾਂ ਦੇ ਕਾਰੀਗਰਾਂ, ਮਜ਼ਦੂਰਾਂ ਨੇ ਵੀ ਆਪਣੇ ਗੁਰੂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਪੂਜਾ ਕੀਤੀ। ਰਾਏਕੋਟ ਵਿਚ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਅਤੇ ਲਾਲ ਝੰਡਾ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਨੇ ਵੀ ਹੋਰ ਜਥੇਬੰਦੀਆਂ ਸਹਿਯੋਗ ਨਾਲ ਵਿਸ਼ਵਕਰਮਾ ਦਿਵਸ ਮਨਾਇਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਰੇਲਾਂ, ਸੜਕਾਂ, ਵੱਡੀਆਂ ਇਮਾਰਤਾਂ, ਪੁਲ, ਡੈਮ ਸਮੇਤ ਹੋਰ ਵੱਡੇ ਪ੍ਰਾਜੈਕਟ ਉਸਾਰਨ ਵਾਲੇ ਕਾਰੀਗਰਾਂ ਅਤੇ ਮਜ਼ਦੂਰਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਕੇਵਲ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲੱਗੀਆਂ ਹਨ। ਉਨ੍ਹਾਂ ਮਜ਼ਦੂਰ ਜਮਾਤ ਦੀ ਏਕਤਾ ਨੂੰ ਤੋੜਨ ਵਾਲੀਆਂ ਸ਼ਕਤੀਆਂ ਤੋਂ ਖ਼ਬਰਦਾਰ ਕਰਦਿਆਂ ਦੇਸ਼ ਭਰ ਵਿਚ ਫੈਲਾਈ ਜਾ ਰਹੀ ਨਫ਼ਰਤ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰ੍ਹਮੀ, ਸੁਖਚੈਨ ਸਿੰਘ ਰਾਜੋਆਣਾ, ਰਾਜਜਸਵੰਤ ਸਿੰਘ ਤਲਵੰਡੀ, ਕਰਮਜੀਤ ਸਨੀ, ਰੁਲਦਾ ਸਿੰਘ ਗੋਬਿੰਦਗੜ੍ਹ ਨੇ ਸੰਬੋਧਨ ਕੀਤਾ।