ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਕਈ ਥਾਵਾਂ ਤੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਬਾਬਾ ਵਿਸ਼ਵਕਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਰਣਜੀਤ ਨਗਰ ਫਿਰੋਜ਼ਪੁਰ ਰੋਡ ਵਿੱਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਗਰੇਵਾਲ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਰੋਸ਼ਨੀ ਪਾਈ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੀ ਨਵੀਂ ਅਬਾਦੀ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਸਾਲਾਨਾ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ ਤੜਕੇ ਮੂਰਤੀ ਇਸ਼ਨਾਨ ਉਪਰੰਤ ਹਵਨਯੱਗ ਦਾ ਅਰੰਭ ਰਾਜਿੰਦਰ ਸਿੰਘ ਸੋਹਲ ਅਤੇ ਝੰਡੇ ਦੀ ਰਸਮ ਪਾਲ ਹੁੰਡਈ ਦੇ ਐਮਡੀ ਅਤੇ ਏ.ਐਸ ਹਾਈ ਸਕੂਲ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਅਦਾ ਕੀਤੀ। ਸਮਾਗਮ ਦੌਰਾਨ ਦਰਸ਼ਨ ਧੀਮਾਨ ਅਤੇ ਹੋਰ ਵਿਦਵਾਨਾਂ ਨੇ ਬਾਬਾ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਮੂਹ ਭਾਈਚਾਰੇ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਆਮ ਆਦਮੀ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੈਡੀਕਲ ਕੈਂਪ ਦੌਰਾਨ ਡਾ. ਕਮਲ ਅਤੇ ਡਾ. ਪੰਕਜ (ਰਾਜ ਮਲਟੀਪਲ ਹਸਪਤਾਲ ਖੰਨਾ) ਦੀ ਅਗਵਾਈ ਹੇਠਾਂ ਟੀਮ ਨੇ ਸੈਂਕੜੇ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਬਲੱਡ ਬੈਂਕ ਸਿਵਲ ਹਸਪਤਾਲ ਖੰਨਾ ਤੋਂ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠਾਂ ਆਈ ਟੀਮ ਨੇ ਕਰੀਬ 60 ਯੂਨਿਟ ਬੋਤਲਾਂ ਇਕੱਤਰ ਕੀਤੀਆਂ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਸਥਾਨਕ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡਾਂ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਦਲੀਜ ਰੋਡ ਅਹਿਮਦਗੜ੍ਹ ਅਤੇ ਲੁਧਿਆਣਾ-ਮਾਲੇਰਕੋਟਲਾ ਰੋਡ ਡੇਹਲੋਂ ਸਥਿਤ ਵਿਸ਼ਵਕਰਮਾ ਮੰਦਰਾਂ ਵਿਖੇ ਮਨਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਬੰਧਕਾਂ ਅਤੇ ਪਤਵੰਤਿਆਂ ਨੇ ਆਮ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਵਿਸ਼ਵਕਰਮਾ ਦੀਆਂ ਸਿੱਖਿਆ ਨੂੰ ਜੀਵਨਸ਼ੈਲੀ ਵਿੱਚ ਅਪਣਾ ਕੇ ਸੂਬੇ ਦੀ ਆਰਥਿਕਤਾ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪੂਜਾ ਕਰਵਾਈ ਗਈ ਅਤੇ ਝੰਡਾ ਲਹਿਰਾਉਣ ਤੋਂ ਬਾਅਦ ਧਾਰਮਿਕ ਗਾਇਕਾਂ ਨੇ ਸ਼ਬਦ ਤੇ ਭਜਨ ਗਾਏ। ਹਲਕਾ ਅਮਰਗੜ੍ਹ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਨਮਾਜਰਾ, ਵਿਧਾਇਕ ਗਿੱਲ ਜੀਵਨ ਸਿੰਘ ਸੰਗੋਵਾਲ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਕਾਂਗਰਸੀ ਆਗੂ ਸੁਮਿਤ ਮਾਨ ਆਦਿ ਬੁਲਾਰਿਆਂ ਨੇ ਯਾਦ ਕਰਵਾਇਆ ਕਿ ਵਿਸ਼ਵ ਭਰ ਵਿੱਚ ਹੋਇਆ ਤਕਨੀਕੀ ਵਿਕਾਸ ਬਾਬਾ ਵਿਸ਼ਕਰਮਾ ਦੀਆਂ ਸਿੱਖਿਆਵਾਂ ਦੀ ਬਦੌਲਤ ਸੰਭਵ ਹੋਇਆ ਹੈ।