ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਸਤੰਬਰ
ਹੈਰੋਇਨ ਤਸਕਰੀ ਦੇ ਧੰਦੇ ਵਿੱਚ ਹੁਣ ਔਰਤਾਂ ਵੀ ਉਤਰ ਆਈਆਂ ਹਨ। ਐਸਟੀਐਫ ਦੀ ਟੀਮ ਨੇ ਇੱਕ ਅਜਿਹੀ ਔਰਤ ਨੂੰ ਕਾਬੂ ਕੀਤਾ ਹੈ, ਜੋ ਆਪਣੀ ਚਾਚੀ ਦੇ ਕੋਲ ਕੰਮ ਦੀ ਭਾਲ ’ਚ ਆਈ ਸੀ। ਚਾਚੀ ਨੇ ਕਿਤੇ ਨੌਕਰੀ ਲਵਾਉਣ ਦੀ ਥਾਂ ਉਸ ਨੂੰ ਆਪਣੇ ਨਾਲ ਹੈਰੋਇਨ ਤਸਕਰੀ ਦੇ ਧੰਦੇ ’ਚ ਲਾ ਲਿਆ। ਮੁਲਜ਼ਮ ਔਰਤ ਨੂੰ ਐਸਟੀਐਫ ਦੀ ਟੀਮ ਨੇ ਵੀਰ ਪੈਲੇਸ ਚੰਡੀਗੜ੍ਹ ਰੋਡ ਸਥਿਤ ਮੁੰਡੀਆਂ ਕਲਾਂ ਇਲਾਕੇ ’ਚੋਂ ਕਾਬੂ ਕੀਤਾ ਹੈ। ਜਿਸ ਸਮੇਂ ਔਰਤ ਨੂੰ ਕਾਬੂ ਕੀਤਾ ਗਿਆ, ਉਹ ਹੈਰੋਇਨ ਦੀ ਸਪਲਾਈ ਦੇਣ ਜਾ ਰਹੀ ਸੀ। ਮੁਲਜ਼ਮ ਔਰਤ ਦੇ ਕਬਜ਼ੇ ’ਚੋਂ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇਸ ਮਾਮਲੇ ’ਚ ਪਿੰਡ ਚੱਕਰ ਵਾਸੀ ਸਬਾਨਾ ਉਰਫ਼ ਕਾਲੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮ ਤੋਂ ਉਸ ਦੀ ਚਾਚੀ ਸਲੀਮਾ ਰਾਣੀ ਬਾਰੇ ਪਤਾ ਲਾ ਰਹੀ ਹੈ। ਐਸਟੀਐਫ ਦੇ ਜ਼ਿਲ੍ਹਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਕੋਲ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਔਰਤਾਂ ਨਸ਼ਾ ਤਸਕਰੀ ਦਾ ਧੰਦਾ ਕਰਦੀਆਂ ਹਨ। ਸੂਚਨਾ ਮਿਲਣ ਤੋਂ ਬਾਅਦ ਐਸਟੀਐਫ ਦੀ ਟੀਮ ਨੇ ਔਰਤ ਨੂੰ ਕਾਬੂ ਕਰ ਲਿਆ। ਪੜਤਾਲ ਦੌਰਾਨ ਕਾਲੋ ਨੇ ਦੱਸਿਆ ਕਿ ਉਸ ਕੋਲ ਕੋਈ ਕੰਮ ਧੰਦਾ ਨਹੀਂ ਸੀ ਤਾਂ ਉਹ ਪਿੰਡ ਤੋਂ ਆਪਣੀ ਚਾਚੀ ਕੋਲ ਕੰਮ ਦੀ ਭਾਲ ’ਚ ਆਈ ਸੀ, ਪਰ ਕੁਝ ਸਮਾਂ ਪਹਿਲਾਂ ਉਸ ਦੀ ਚਾਚੀ ਨੇ ਉਸ ਨੂੰ ਨਸ਼ਾ ਤਸਕਰੀ ਦੇ ਧੰਦੇ ’ਚ ਲਾ ਦਿੱਤਾ।