ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਸੂਬੇ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਸਮਾਰਟ ਸਿਟੀ ਲੁਧਿਆਣਾ ਦੀ ਆਬੋ-ਹਵਾ ਹੁਣ ਸਾਫ਼ ਹੋਣ ਦੀ ਉਮੀਦ ਜਾਗੀ ਹੈ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਗਰ ਨਿਗਮ ਨੇ ਪੰਜ ਐਂਟੀ ਸਮੌਗ ਮਸ਼ੀਨਾਂ ਖਰੀਦੀਆਂ ਹਨ। ਇਹ ਮਸ਼ੀਨਾਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਫੰਡ ਨਾਲ ਖਰੀਦੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ’ਚ ਮਸ਼ੀਨ ਬਣਾਉਣ ਵਾਲੀ ਕੰਪਨੀ ਲੁਧਿਆਣਾ ਆ ਕੇ ਇਨ੍ਹਾਂ ਦਾ ਟਰਾਇਲ ਕਰਵਾਏਗੀ, ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਪੰਜ ਮਸ਼ੀਨਾਂ ਨੂੰ ਲੁਧਿਆਣਾ ਦੇ ਵੱਖ ਵੱਖ ਜ਼ੋਨਾਂ ਵਿੱਚ ਭੇਜਿਆ ਜਾਏਗਾ।
ਇਸ ਤੋਂ ਇਲਾਵਾ ਨਗਰ ਨਿਗਮ ਦੋ ਹੋਰ ਛੋਟੀਆਂ ਮਸ਼ੀਨਾਂ ਵੀ ਖਰੀਦਣ ਜਾ ਰਿਹਾ ਹੈ ਤਾਂ ਕਿ ਸ਼ਹਿਰ ਨੂੰ ਹਵਾ ਪ੍ਰਦੂਸ਼ਣ ਤੋਂ ਮੁਕਤ ਬਣਾਇਆ ਜਾ ਸਕੇ। ਇਹ ਅਜਿਹੀ ਮਸ਼ੀਨ ਹੈ, ਜਿਸ ਨਾਲ ਪਾਣੀ ਦੀ ਤੇਜ਼ ਫੁਹਾਰ ਨਿਕਲਦੀ ਹੈ ਤੇ ਉਸ ਰਾਹੀਂ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ। ਇਸ ਲਈ ਕੇਂਦਰ ਸਰਕਾਰ ਨੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਨੂੰ ਫੰਡ ਜਾਰੀ ਕੀਤਾ ਸੀ।
ਨਗਰ ਨਿਗਮ ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਐਂਟੀ ਸਮੌਗ ਗੰਨਾਂ ਖਰੀਦੀਆਂ ਹਨ। ਇੱਕ ਮਸ਼ੀਨ ਦੀ ਕੀਮਤ 85 ਲੱਖ ਰੁਪਏ ਹੈ। ਇਹ ਮਸ਼ੀਨਾਂ ਹੁਣ ਲੁਧਿਆਣਾ ਪੁੱਜ ਚੁੱਕੀਆਂ ਹਨ, ਜੋ ਨਗਰ ਨਿਗਮ ਦੀ ਵਰਕਸ਼ਾਪ ’ਚ ਰੱਖਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਨੂੰ ਟਰੈਕਟਰ ਸਹਾਰੇ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਲਿਜਾਇਆ ਜਾ ਸਕਦਾ ਹੈ। ਮਸ਼ੀਨ ਚਲਾਉਣ ਲਈ ਨਾਲ ਇੱਕ ਜਨਰੇਟਰ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਸ਼ੀਨ ਦੇ ਨਾਲ ਇੱਕ ਟੈਂਕਰ ਜੋੜਿਆ ਜਾਵੇਗਾ ਤਾਂ ਕਿ ਟੈਂਕਰ ’ਚੋਂ ਪਾਣੀ ਲੈ ਕੇ ਮਸ਼ੀਨ ਚਲਾਈ ਜਾ ਸਕੇ। ਨਿਗਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਰਾਲੀ ਤੋਂ ਪੈਦਾ ਹੋਣ ਵਾਲੇ ਧੂੰਏ ਤੋਂ ਬਚਾਅ ’ਚ ਇਹ ਐਂਟੀ ਸਮੌਗ ਗੰਨਜ਼ ਬਿਹਤਰੀਨ ਤਰੀਕੇ ਨਾਲ ਕੰਮ ਕਰਨਗੀਆਂ।
ਕੰਪਨੀ ਵੱਲੋਂ ਅਗਲੇ ਹਫਤੇ ਦਿੱਤਾ ਜਾਵੇਗਾ ਡੈਮੋ
ਨਗਰ ਨਿਗਮ ਦੀ ਵਰਕਸ਼ਾਪ ਦੇ ਇੰਚਾਰਜ ਐੱਸਈ ਰਜਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਹਫ਼ਤੇ ਮਸ਼ੀਨ ਬਣਾਉਣ ਵਾਲੀ ਕੰਪਨੀ ਵੱਲੋਂ ਇਸ ਦੀ ਡੈਮੋ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ’ਚ ਹਵਾ ਦਾ ਪ੍ਰਦੂਸ਼ਣ ਜ਼ਿਆਦਾ ਹੋਵੇਗਾ, ਉਨ੍ਹਾਂ ਇਲਾਕਿਆਂ ’ਚ ਇਸ ਤੋਂ ਕੰੰਮ ਲਿਆ ਜਾਵੇਗਾ। ਨਿਗਮ ਵੱਲੋਂ ਦੋ ਹੋਰ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ, ਜਿਨ੍ਹਾਂ ਦਾ ਆਕਾਰ ਛੋਟਾ ਹੋਵੇਗਾ। ਇਨ੍ਹਾਂ ਮਸ਼ੀਨਾਂ ਨੂੰ ਛੋਟੇ ਵਾਹਨ ’ਤੇ ਫਿੱਟ ਕਰਕੇ ਕਿਤੇ ਵੀ ਲਿਜਾਇਆ ਜਾ ਸਕੇਗਾ, ਜਿਸ ਨਾਲ ਪ੍ਰਦੂਸ਼ਣ ਤੋਂ ਕਾਫ਼ੀ ਰਾਹਤ ਮਿਲੇਗੀ।