ਗਗਨਦੀਪ ਅਰੋੜਾ
ਲੁਧਿਆਣਾ, 13 ਮਈ
ਇੱਥੋਂ ਦੇ ਚੂਹੜਪੁਰ ਰੋਡ ’ਤੇ ਸਥਿਤ ਪਿੰਡ ਲਾਦੀਆਂ ਦੇ ਕੋਲ ਅੰਮ੍ਰਿਤ ਇੰਡੋ. ਕੈਨੇਡੀਅਨ ਅਕੈਡਮੀ ’ਚ ਸ਼ੁੱਕਰਵਾਰ ਨੂੰ ਉਸ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਕੁਝ ਨੌਜਵਾਨਾਂ ਨੇ ਸਕੂਲ ਦੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ। ਸਕੂਲ ਪ੍ਰਬੰਧਕਾਂ ਨੇ ਜਦੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਦੇ ਬਾਰੇ ’ਚ ਜਾਣਕਾਰੀ ਲਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਹਮਲਾਵਰ ਨੌਜਵਾਨਾਂ ਨੇ ਗੋਲੀਆਂ ਵੀ ਚਲਾਈਆਂ ਹਨ। ਸਕੂਲ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ’ਤੇ ਏਡੀਸੀਪੀ-3 ਅਸ਼ਿਵਨ ਗੋਟਿਆਲ, ਏਸੀਪੀ ਪੱਛਮੀ ਤਲਵਿੰਦਰ ਸਿੰਘ ਤੇ ਥਾਣਾ ਹੈਬੋਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਦੌਰਾਨ ਉਥੋਂ ਗੋਲੀਆਂ ਦੇ ਤਿੰਨ ਖੋਲ੍ਹ ਬਰਾਮਦ ਕੀਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਨਗਰ ਵਾਸੀ ਗਰਵਧੀਰ ਜੋ ਕਿ ਅੰਮ੍ਰਿਤ ਇੰਡੋ. ਕੈਨੇਡੀਅਨ ਅਕੈਡਮੀ ’ਚ 12ਵੀਂ ਦਾ ਵਿਦਿਆਰਥੀ ਹੈ। ਉਸ ਦੀ ਭੈਣ ਵੀ ਇਸੇ ਸਕੂਲ ’ਚ ਪੜ੍ਹਦੀ ਹੈ ਤੇ ਮਾਂ ਸਕੂਲ ’ਚ ਅਧਿਆਪਕਾ ਹੈ। ਗਰਵਧੀਰ ਨੇ ਦੋਸ਼ ਲਾਇਆ ਕਿ ਕੁਝ ਨੌਜਵਾਨ ਉਸ ਦੀ ਭੈਣ ਨਾਲ ਛੇੜਛਾੜ ਕਰਦੇ ਸਨ। ਇਸ ਦਾ ਉਸ ਨੇ ਵਿਰੋਧ ਕੀਤਾ ਸੀ। ਦੋ ਦਿਨ ਪਹਿਲਾਂ ਵੀ ਭੈਣ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ ’ਤੇ ਉਸ ਨਾਲ ਬਹਿਸਬਾਜ਼ੀ ਤੇ ਕੁੱਟਮਾਰ ਹੋਈ ਸੀ। ਬੀਤੇ ਦਿਨ ਫਿਰ ਇੱਕ ਵਾਰ ਬਹਿਸ ਹੋਈ ਤੇ ਉਹ ਫਿਰ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਅੱਜ ਸਵੇਰੇ ਕਰੀਬ ਸਾਢੇ ਕੁ 7 ਵਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਕੂਲ ਦੀ ਕੰਧ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਸਾਰਿਆਂ ਨੇ ਸੋਚਿਆ ਕਿ ਪਟਾਕੇ ਚੱਲੇ ਹਨ। ਦੁਪਹਿਰ ਨੂੰ ਜਦੋਂ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਗਰਵਧੀਰ ਬਾਹਰ ਨਿਕਲਿਆ ਤਾਂ ਸਾਹਮਣੇ ਪਲਾਟ ’ਚ ਖੜ੍ਹੇ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਕਾਰਨ ਗਰਵਧੀਰ ਜ਼ਖ਼ਮੀ ਹੋ ਗਿਆ। ਸਕੂਲ ਸਟਾਫ ਜਦੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਦੇ ਰੌਲਾ ਪਾਉਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ। ਸਟਾਫ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਸੀਸੀਟੀਵੀ ਫੁਟੇਜ ਚੈੱਕ ਕਰਦੇ ਸਮੇਂ ਪਤਾ ਲੱਗਿਆ ਕਿ ਸਵੇਰੇ ਪਟਾਕੇ ਨਹੀਂ ਬਲਕਿ ਗੋਲੀਆਂ ਚੱਲੀਆਂ ਸਨ। ਪੁਲੀਸ ਨੇ ਜਾਂਚ ਦੌਰਾਨ ਉੱਥੋਂ ਤਿੰਨ ਖੋਲ ਵੀ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਇਸ ਮਾਮਲੇ ’ਚ ਰੜੀ ਮੁਹੱਲਾ ਇਲਾਕੇ ’ਚੋਂ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਪਰ ਹਾਲੇ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਮਾਮਲੇ ਦੀ ਜਾਂਚ ਜਾਰੀ: ਏਡੀਸੀਪੀ
ਏਡੀਸੀਪੀ ਨੇ ਦੱਸਿਆ ਕਿ ਮਾਮੂਲੀ ਗੱਲਾਂ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਨੇ ਰੰਜ਼ਿਸ਼ ਤਹਿਤ ਚਲਾਈਆਂ ਗੋਲੀਆਂ
ਲੁਧਿਆਣਾ: ਭਗਵਾਨ ਚੌਕ ਇਲਾਕੇ ’ਚ ਵੀਰਵਾਰ ਦੀ ਰਾਤ ਨੂੰ ਮੋਟਰਸਾਈਕਲ ਸਵਾਰ ਨੌਜਵਾਨ ਨੇ ਪੁਰਾਣੀ ਰਜ਼ਿਸ਼ ਤਹਿਤ ਇੱਕ ਜਣੇ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੇ ਗੋਲੀ ਤਾਂ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਲਈ ਮਾਰੀ ਸੀ, ਪਰ ਨਿਸ਼ਾਨਾ ਸਹੀ ਨਾ ਲੱਗਣ ਕਰ ਕੇ ਗੋਲੀ ਤੋਂ ਨੌਜਵਾਨ ਬਚ ਗਿਆ ਤੇ ਗੋਲੀ ਬਰੈਡ ਸਪਲਾਈ ਕਰਨ ਵਾਲੇ ਦੀ ਲੱਤ ’ਚ ਜਾ ਵੱਜੀ। ਜ਼ਖਮੀ ਦੀ ਪਛਾਣ ਸੁਰੇਸ਼ ਬਾਵਾ ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਇਲਾਕੇ ਦਾ ਹੀ ਹੈ ਤੇ ਉਹ ਇਲਾਕੇ ’ਚ ਲੜਕੀਆਂ ਨਾਲ ਛੇੜਖਾਨੀ ਕਰਦਾ ਸੀ। ਉਸ ਨੂੰ ਜਦੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਦੇਖ-ਲੈਣ ਦੀ ਧਮਕੀ ਦਿੱਤੀ। ਇਲਾਕਾ ਵਾਸੀ ਜਗਜੀਤ ਸਿੰਘ ਨੇ ਪਹਿਲਾਂ ਵੀ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਗੱਲ ਦੀ ਰੰਜ਼ਿਸ਼ ਰੱਖਦਿਆਂ ਮੁਲਜ਼ਮ ਵੀਰਵਾਰ ਨੂੰ ਇਲਾਕੇ ’ਚ ਮੋਟਰਸਾਈਕਲ ’ਤੇ ਆਇਆ ਅਤੇ ਜਗਜੀਤ ਨੂੰ ਦੇਖ ਕੇ ਗੋਲੀ ਚਲਾਉਣ ਲੱਗਿਆ, ਪਰ ਉਹ ਥੱਲੇ ਬੈਠ ਗਿਆ ਤੇ ਗੋਲੀ ਸਿੱਧੀ ਸੁਰੇਸ਼ ਬਾਵਾ ਦੀ ਲੱਤ ’ਚ ਜਾ ਲੱਗੀ। ਲੋਕਾਂ ਨੇ ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਗਜੀਤ ਦੀ ਮਾਂ ਨੇ ਉਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਮੁਲਜ਼ਮ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਮੁਲਜ਼ਮ ਕਿਸੇ ਤਰ੍ਹਾਂ ਆਪਣਾ ਬਚਾਅ ਕਰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਗੋਲੀ ਚੱਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।