ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਈ
ਆਤਮ ਪਰਗਾਸ ਵੱਲੋਂ ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ, ‘ਆਓ ਨਿਸ਼ਾਨੇ ਸਰ ਕਰੀਏ’ ਵਿਸ਼ੇ ’ਤੇ ਸ਼ਖ਼ਸੀਅਤ ਉਸਾਰੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਪੀਏਯੂ ਦੇ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕੂੰਜੀਵਤ ਭਾਸ਼ਣ ਦਿੱਤਾ। ਇਸ ਕਾਰਜਸ਼ਾਲਾ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਕੇ ਉਨ੍ਹਾਂ ਨੂੰ ਆਤਮ ਨਿਰਭਰ ਕਰਨ ਲਈ ਆਤਮ ਪਰਗਾਸ ਵੱਲੋਂ ਆਰੰਭ ਕੀਤੇ ਉਪਰਾਲਿਆਂ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ 865 ਕਿਸਾਨਾਂ ਵਿੱਚੋਂ 502 ਕਿਸਾਨਾਂ ਦੇ ਪਰਿਵਾਰਾਂ ਦੀਆਂ ਲੋੜਾਂ ਦਾ ਮੁਲਾਂਕਣ ਕਰਕੇ ਉਨ੍ਹਾਂ ਦੇ ਸਹਿਯੋਗ ਲਈ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਪਿਛਲੇ ਦਿਨੀ ਖੇਤੀਬਾੜੀ ’ਵਰਸਿਟੀ ’ਚ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਭਰਾ ਨੂੰ ਵਿਦਿਆ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਆਤਮ ਪਰਗਾਸ ਟੀਮ ਨਿਭਾਏਗੀ।