ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਫਰਵਰੀ
ਰਾਖਵਾਂ ਹਲਕਾ ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਚੋਣ ਮੁਹਿੰਮ ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਵਾਲਮੀਕਿ ਭਾਈਚਾਰੇ ਨੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਦੀ ਪ੍ਰੇਰਨਾ ਸਦਕਾ ਇਸ ਭਾਈਚਾਰੇ ਦੇ ਵੋਟਰਾਂ ਨੇ ਇਕੱਠ ਕਰ ਕੇ ਵਿਧਾਇਕ ਹਿੱਸੋਵਾਲ ਨੂੰ ਹਮਾਇਤ ਦਿੱਤੀ। ਇਸ ਸਮੇਂ ਕਾਮਰੇਡ ਰਾਜੂ ਨੇ ਕਿਹਾ ਕਿ ਸ਼ਹਿਰ ’ਚ ਵਾਲਮੀਕ ਭਾਈਚਾਰਾ ਵੱਡੀ ਗਿਣਤੀ ’ਚ ਵੱਸਦਾ ਹੈ ਅਤੇ ਭਾਈਚਾਰੇ ਦੇ ਹਿੱਤਾਂ ਦਾ ਪੂਰਾ ਖ਼ਿਆਲ ਕਾਂਗਰਸ ਸਰਕਾਰ ਨੇ ਰੱਖਿਆ ਹੈ। ਉਮੀਦਵਾਰ ਜੱਗਾ ਹਿੱਸੋਵਾਲ ਨੇ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਲਮੀਕਿ ਭਾਈਚਾਰੇ ਸਣੇ ਹੋਰ ਪੱਛੜੇ ਵਰਗਾਂ ਤੇ ਗ਼ਰੀਬ ਤਬਕੇ ਲਈ ਕਈ ਸਕੀਮਾਂ ਐਲਾਨੀਆਂ ਹਨ।
ਇਸ ਤੋਂ ਇਲਾਵਾ ਕਾਂਗਰਸ ਉਮੀਦਵਾਰ ਨੇ ਕੋਰਟ ਕੰਪਲੈਕਸ ’ਚ ਜਾ ਕੇ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ। ਕਈ ਵਕੀਲਾਂ ਨੇ ਕਾਂਗਰਸ ਦੇ ਹੱਕ ’ਚ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਤੇ ਵਿਧਾਇਕ ਦਾ ਸਨਮਾਨ ਕੀਤਾ। ਉਪਰੰਤ ਜੱਗਾ ਹਿੱਸੋਵਾਲ ਨੇ ਸ਼ਹਿਰ ’ਚ ਪੈਦਲ ਮਾਰਚ ਰਾਹੀਂ ਵੋਟਾਂ ਮੰਗੀਆਂ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਜਗਜੀਤ ਜੱਗੀ ਆਦਿ ਸਨ।