ਦੇਵਿੰਦਰ ਸਿੰਘ ਜੱਗੀ
ਪਾਇਲ, 6 ਅਪਰੈਲ
ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਸ਼ਰਾਬ ਅਤੇ ਸਿਗਰਟ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ ਲੈਣ ਦਾ ਦੋਸ਼ ਲਾਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਦਾ ਮੈਂਬਰ ਤੱਕ ਨਹੀਂ ਬਣਾਇਆ ਜਾ ਸਕਦਾ, ਉਸ ਦੇ ਬਾਵਜੂਦ ਸੁਖਬੀਰ ਬਾਦਲ ਨੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਤੋਂ ਪੈਸੇ ਲਏ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਨੇ ਸਿਗਰਟ ਬਣਾਉਣ ਵਾਲੀ ਕੰਪਨੀ ਆਈਟੀਸੀ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਰਾਜਸਥਾਨ ਲੀਕਰ ਲਿਮਟਿਡ ਤੋਂ ਪਾਰਟੀ ਫੰਡ ਲਈ ਲੱਖਾਂ ਰੁਪਏ ਲਏ ਹਨ। ਗਿਆਸਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਾਰਟੀ ਦੀ ਮਰਿਆਦਾ ਨੂੰ ਭੰਗ ਕੀਤਾ ਹੈ। ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੀ ਗਈ ਜਾਣਕਾਰੀ ਦੇ ਦਸਤਾਵੇਜ਼ ਦਿਖਾਉਂਦੇ ਹੋਏ ‘ਆਪ’ ਆਗੂ ਨੇ ਕਿਹਾ ਕਿ ਜਿਸ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ ਨਸ਼ੇ ਕਰਨ ਵਾਲਿਆਂ ਨੂੰ ਪਾਰਟੀ ਦੀ ਮੈਂਬਰੀ ਤੱਕ ਨਹੀਂ ਦਿੱਤੀ ਜਾਵੇਗੀ, ਉਸ ਦੇ ਪ੍ਰਧਾਨ ਨੇ ਸਿਗਰਟ ਬਣਾਉਣ ਵਾਲੀ ਕੰਪਨੀ, ਜੋ ਕਰੋੜਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਂਦੀ ਹੈ, ਉਸ ਤੋਂ 28 ਮਾਰਚ 2019 ਨੂੰ ਚੰਦੇ ਦੇ ਰੂਪ ਵਿੱਚ 15 ਲੱਖ ਰੁਪਏ ਲਏ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਰਾਜਸਥਾਨ ਲੀਕਰ ਲਿਮਟਿਡ ਨੇ 10 ਮਈ 2019 ਨੂੰ 25 ਲੱਖ ਰੁਪਏ ਚੰਦੇ ਦੇ ਰੂਪ ਵਿੱਚ ਲਏ ਹਨ।