ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 9 ਜੁਲਾਈ
ਕਸਬਾ ਰਾਏਕੋਟ ਦੇ ਤਾਂਗੜੀਆਂ ਮੁਹੱਲਾ ਵਾਸੀ ਨਦੀਮ ਖ਼ਾਨ (31) ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੀ ਜੇਬ ’ਚੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਨਰਿੰਦਰ ਕੁਮਾਰ ਅਤੇ ਉਸ ਦੇ ਪੁੱਤਰ ਵਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਖ਼ੁਦਕੁਸ਼ੀ ਨੋਟ ਵਿਚ ਦੜੇ-ਸੱਟੇ ਦੇ ਜਿਸ ਅੱਡੇ ਦਾ ਜ਼ਿਕਰ ਕੀਤਾ ਗਿਆ, ਉੱਥੇ ਛਾਪੇ ਮਾਰ ਕੇ ਦਰਜਨਾਂ ਤਾਸ਼ ਦੀਆਂ ਡੱਬੀਆਂ ਤੋਂ ਇਲਾਵਾ ਕਥਿਤ ਹਿਸਾਬ-ਕਿਤਾਬ ਵਾਲਾ ਡਾਇਰੀ-ਨੁਮਾ ਇੱਕ ਰਜਿਸਟਰ ਬਰਾਮਦ ਹੋਣ ਦੀ ਖ਼ਬਰ ਨੇ ਸ਼ਹਿਰ ਵਿਚ ਖਲਬਲੀ ਮਚਾ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਨੋਟ ਵਿਚ ਕਿਰਾਏ ’ਤੇ ਰਹਿ ਰਹੇ ਨਦੀਮ ਖ਼ਾਨ ਨੇ ਦੋਸ਼ ਲਾਇਆ ਹੈ ਕਿ ਮਾਲਕ ਮਕਾਨ ਨੇ ਕਰੀਬ ਤਿੰਨ ਸਾਲ ਪਹਿਲਾਂ ਉਸ ਨਾਲ ਮਕਾਨ ਦਾ ਸੌਦਾ ਕੀਤਾ ਸੀ। ਪੇਸ਼ਗੀ ਵਜੋਂ 8 ਲੱਖ ਰੁਪਏ ਵੀ ਦੇ ਦਿੱਤੇ ਸਨ ਪਰ ਹੁਣ ਨਰਿੰਦਰ ਕੁਮਾਰ ਨਾ ਪੈਸੇ ਵਾਪਸ ਕਰ ਰਿਹਾ ਸੀ ਤੇ ਨਾ ਹੀ ਮਕਾਨ ਦੀ ਰਜਿਸਟਰੀ ਕਰਵਾ ਰਿਹਾ ਸੀ, ਜਿਸ ਕਾਰਨ ਨਦੀਮ ਖ਼ਾਨ ਡਾਢਾ ਪ੍ਰੇਸ਼ਾਨ ਸੀ। ਥਾਣਾ ਮੁਖੀ ਹੀਰਾ ਸਿੰਘ ਅਨੁਸਾਰ ਮੁਲਜ਼ਮ ਨਰਿੰਦਰ ਕੁਮਾਰ ਫ਼ਰਾਰ ਹੈ ਅਤੇ ਉਸ ਦਾ ਪੁੱਤਰ ਵਿੱਕੀ ਵਿਦੇਸ਼ ਗਿਆ ਹੋਇਆ ਹੈ।
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖ਼ੁਦਕੁਸ਼ੀ
ਗੁਰੂਸਰ ਸੁਧਾਰ: ਥਾਣਾ ਸੁਧਾਰ ਅਧੀਨ ਪਿੰਡ ਰਾਜੋਆਣਾ ਖ਼ੁਰਦ ਦੇ 38 ਸਾਲ ਨੌਜਵਾਨ ਸੁਖਜਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੇ ਗ਼ਰੀਬੀ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਬੇਜ਼ਮੀਨਾ ਕਿਸਾਨ ਸੁਖਜਿੰਦਰ ਸਿੰਘ ਦੋ ਬੱਚਿਆਂ ਦਾ ਬਾਪ ਸੀ। ਉਹ ਕੈਨੇਡਾ ਵੱਸਦੇ ਬਲਵੀਰ ਸਿੰਘ ਦੇ ਘਰ ਸਮੇਤ ਉਨ੍ਹਾਂ ਦੇ ਪੋਲਟਰੀ ਫਾਰਮ ਦੀ ਦੇਖਭਾਲ ਕਰਦਾ ਸੀ। ਬੀਤੇ ਕੱਲ੍ਹ ਜਦ ਉਹ ਰੋਟੀ ਖਾਣ ਲਈ ਘਰ ਨਾ ਆਇਆ ਤਾਂ ਉਸ ਦੇ ਪਿਤਾ ਜਗਜੀਤ ਸਿੰਘ ਨੇ ਪਿੰਡ ਦੇ ਮੋਹਤਬਰਾਂ ਨਾਲ ਜਾ ਕੇ ਮੌਕੇ ’ਤੇ ਦੇਖਿਆ ਤਾਂ ਸੁਖਜਿੰਦਰ ਸਿੰਘ ਪੋਲਟਰੀ ਫਾਰਮ ਨੇੜੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਚੁੱਕਿਆ ਸੀ।
ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਾਇਆ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਗੋਸਲਾਂ ਦੇ 22 ਸਾਲਾ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਆਪਣੇ ਘਰ ਵਿੱਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦਾ ਹਾਲੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਗਗਨਦੀਪ ਦੇ ਨਾਨੇ ਦੀ ਮੌਤ ਹੋ ਗਈ ਸੀ ਅਤੇ ਕੁਝ ਘੰਟਿਆਂ ਬਾਅਦ ਹੀ ਗਗਨਦੀਪ ਦੀ ਮਾਂ ਨੇ ਵੀ ਦਮ ਤੌੜ ਦਿੱਤਾ, ਜਿਸ ਕਾਰਨ ਉਸ ਦਾ ਬੇਟਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ। ਕੁਝ ਮਹੀਨੇ ਪਹਿਲਾਂ ਹੀ ਉਸ ਨੇ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ ਅਤੇ ਦੋ ਮਹੀਨੇ ਪਹਿਲਾਂ ਹੀ ਉਸ ਦੀ ਨੂੰਹ ਕੈਨੇਡਾ ਪੜ੍ਹਾਈ ਲਈ ਚਲੀ ਗਈ। ਘਰ ਵਿੱਚ ਇਕੱਲਾ ਰਹਿਣ ਕਾਰਨ ਉਸ ਦੇ ਪੁੱਤਰ ਨੇ ਘਰ ਦੇ ਚੁਬਾਰੇ ਵਿੱਚ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ।
ਪੈਸਿਆਂ ਦੇ ਲੈਣ-ਦੇਣ ਕਾਰਨ ਕਾਰੋਬਾਰੀ ਵੱਲੋਂ ਆਤਮਦਾਹ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇਲਾਕੇ ਨਾਨਕ ਨਗਰ ਜਲੰਧਰ ਬਾਈਪਾਸ ਦੇ ਇੱਕ ਕਾਰੋਬਾਰੀ ਵੱਲੋਂ ਮਨੀਕਰਨ ਸਥਿਤ ਪਾਰਵਤੀ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਪਤੀ ਗੁਰਪ੍ਰੀਤ ਸਿੰਘ ਦਾ ਅਨਿਲ ਕੁਮਾਰ, ਸੁਰਜੀਤ ਸਿੰਘ, ਰਾਜਿੰਦਰ ਕੁਮਾਰ ਅਤੇ ਕੁਲਵਿੰਦਰ ਕੁਮਾਰ ਨਾਲ ਪੈਸਿਆਂ ਦਾ ਲੈਣ ਦੇਣ ਸੀ। ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਚਾਰਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।