ਦੇਵਿੰਦਰ ਸਿੰਘ ਜੱਗੀ
ਪਾਇਲ, 23 ਮਾਰਚ
ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਵੱਲੋਂ ਜੱਸੀ ਮੰਡੇਰ ਕੈਨੇਡਾ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਜਰਗ ਵਿੱਚ ‘ਇਨਕਲਾਬੀ ਨਾਟਕ’ ਮੇਲਾ ਕਰਵਾਇਆ ਗਿਆ। ਨਾਟਕ ਮੇਲੇ ਦਾ ਉਦਘਾਟਨ ਸਿਟੀ ਪ੍ਰੈਸ ਕਲੱਬ ਪਾਇਲ ਦੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ ਵੱਲੋਂ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਅਕਸ ਰੰਗ ਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਗਏ ਨਾਟਕ ‘ਸੂਰਜ ਕਦੇ ਮਰਦੇ ਨਹੀਂ’ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ‘ਅੰਨਦਾਤਾ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਸਰਾਹਿਆ ਗਿਆ। ਰਾਜਵਿੰਦਰ ਸਮਰਾਲਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਟੀਮ ਦਾ ਮੁੱਖ ਮਕਸਦ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਸੁੱਤੀਆਂ ਜ਼ਮੀਰਾਂ ਵਾਲੇ ਕਿਸਾਨਾਂ-ਮਜ਼ਦੂਰਾਂ ਨੂੰ ਜਗਾਉਣਾ ਹੈ। ਸਟੇਜ ਸਕੱਤਰ ਦੀ ਭੂਮਿਕਾ ਜੋਗਿੰਦਰ ਆਜ਼ਾਦ ਨੇ ਬਾਖੂਬੀ ਨਿਭਾਈ। ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤਣ ਉਪਰੰਤ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂਂ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਹੀਦਾਂ ਦੀ ਸੋਚ ’ਤੇ ਡੱਟ ਕੇ ਪਹਿਰਾ ਦੇਣ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਲਈ ਆਪਣੀ ਆਵਾਜ਼ ਬੁਲੰਦ ਕਰਨ। ਨਾਟਕ ਟੀਮ ਵੱਲੋਂ ਪੇਸ਼ ਕੀਤੇ ਨਾਟਕ ‘ਅੰਨਦਾਤਾ’ ਦੀ ਸਫਲ ਪੇਸ਼ਕਾਰੀ ’ਤੇ ਸਾਰਾ ਪੰਡਾਲ ‘ਇਨਕਲਾਬ ਜਿੰਦਾਬਾਦ’ ਅਤੇ ‘ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ’ ਦੇ ਨਾਅਰਿਆਂ ਨਾਲ ਗ਼ੂੰਜ ਉੱਠਿਆ। ਇਸ ਮੌਕੇ ਦੇਵਿੰਦਰ ਸਿੰਘ ਜੱਗੀ, ਹੌਲਦਾਰ ਕੇਹਰ ਸਿੰਘ ਦੀਵਾ, ਗੁਰਦੀਪ ਸਿੰਘ ਕਾਲੀ ਅਤੇ ਪੱਤਰਕਾਰ ਅਜਮੇਰ ਸਿੰਘ ਦੀਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਭੂਸਲੇ, ਜਸਵੀਰ ਸਿੰਘ ਗੀਗਾ, ਫਤਹਿ ਸਿੰਘ ਜਰਗ, ਰਾਜਵਿੰਦਰ ਸਿੰਘ ਮੰਡੇਰ, ਤੇਜਿੰਦਰ ਸਿੰਘ ਤੇਜਾ, ਹਰਜੀਤ ਸਿੰਘ ਮੰਟੂ, ਸੋਹਣ ਸਿੰਘ ਭੰਗੂ, ਪੰਚ ਭਵਨਦੀਪ ਸਿੰਘ ਮੰਡੇਰ, ਪੰਚ ਗੁਰਮੀਤ ਸਿੰਘ ਮੰਡੇਰ, ਰਾਜੂ ਘਈ, ਅਮਨ ਮੰਡੇਰ, ਕੁਲਵੀਰ ਸਿੰਘ ਚੰਡੀਗੜ੍ਹੀਆ, ਦਿਲਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਬੋਪਾਰਾਏ, ਬਲਜੀਤ ਸਿੰਘ ਮੰਡੇਰ, ਅਨਿਲ ਤਿਵਾੜੀ, ਸ਼ਾਹਨਿਵਾਜ ਖਾਂ ਬਿੱਲੀ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।