ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਮਈ
ਵੱਡਾ ਘੱਲੂਘਾਰਾ ਸਮਾਰਕ ਦੀ ਗਵਰਨਿੰਗ ਬਾਡੀ ਵੱਲੋਂ ਕੀਤੀ ਅਪੀਲ ਨੂੰ ਹੁੰਗਾਰਾ ਭਰਦਿਆਂ ਇੱਥੋਂ ਦੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਆਪਣੇ ਵਿਦਿਆਰਥੀਆਂ ਵਿੱਚ ਸਿੱਖ ਇਤਿਹਾਸ ਅਤੇ ਪੰਜਾਬ ਦੇ ਵਿਰਸੇ ਪ੍ਰਤੀ ਰੁਚੀ ਪੈਦਾ ਕਰਨ ਲਈ ਟੂਰਾਂ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ। ਸਮਾਰਕ ਦੀ ਬਾਡੀ ਦੇ ਚੇਅਰਮੈਨ ਡੀਸੀ ਮਾਲੇਰਕੋਟਲਾ ਸੰਯਮ ਅੱਗਰਵਾਲ ਅਤੇ ਸਕੱਤਰ ਐੱਸਡੀਐਮ ਹਰਬੰਸ ਸਿੰਘ ਨੇ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਸ਼ਹੀਦਾਂ ਪ੍ਰਤੀ ਜਾਗਰੂਕ ਕਰਨਾ ਵੀ ਅਧਿਆਪਕਾਂ ਦਾ ਫ਼ਰਜ਼ ਹੈ। ਨੇੜਲੇ ਪਿੰਡ ਰੋਹੀੜਾ ਵਿੱਚ ਸਮਾਰਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਤੋਂ ਬਾਅਦ ਸੰਯਮ ਅੱਗਰਵਾਲ ਨੇ ਕਿਹਾ ਕਿ ਵੱਡੇ ਘੱਲੂਘਾਰੇ ਦੌਰਾਨ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੀ ਵਿਰਾਸਤ ’ਤੇ ਮਾਣ ਕਰਦੇ ਹਾਂ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਹਾਨ ਯਾਦਗਾਰ ਨੂੰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ। ਸ੍ਰੀ ਅੱਗਰਵਾਲ ਨੇ ਇਲਾਕੇ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦਾ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿੱਚ ਟੂਰ ਕਰਵਾਉਣ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਹੋ ਸਕੇ। ਸਕੱਤਰ ਕਮ ਐੱਸਡੀਐੱਮ ਹਰਬੰਸ ਸਿੰਘ ਨੇ ਕਿਹਾ ਕਿ ਜਿਹੜੇ ਸਕੂਲਾਂ ਨੇ ਟੂਰ ਲਿਜਾਣ ਲਈ ਪੇਸ਼ਕਸ਼ ਕੀਤੀ ਹੈ ਉਨ੍ਹਾਂ ਦੇ ਵਿਦਿਆਰਥੀਆਂ ਲਈ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਨੂੰ ਦੇਖਦੇ ਹੋਏ ਲੋੜੀਂਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ।