ਰਾਮ ਗੋਪਾਲ ਰਾਏਕੋਟੀ
ਰਾਏਕੋਟ, 23 ਦਸੰਬਰ
ਇੱਥੇ ਅੱਜ ਸਵੇਰੇ ਕਰੀਬੀ ਪਿੰਡ ਭੈਣੀ ਦਰੇੜਾ ਨੇੜੇ ਰਾਏਕੋਟ ਤੋਂ ਮੰਡੀ ਅਹਿਮਦਗੜ੍ਹ ਜਾਂਦੀ ਸੜਕ ’ਤੇ ਤੇਜ਼ ਰਫਤਾਰ ਬੇਕਾਬੂ ਕਾਰ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੰਡੀ ਅਹਿਮਦਗੜ੍ਹ ਵਾਲੇ ਪਾਸੇ ਤੋਂ ਆ ਰਹੀ ਕਾਰ ਨੰਬਰ ਪੀਬੀ 25ਜੀ 8760 ਜਿਸ ਨੂੰ ਗੁਰਸਿਮਰਨਪ੍ਰੀਤ ਸਿੰਘ ਵਾਸੀ ਚਕਰ ਚਲਾ ਰਿਹਾ ਸੀ। ਜਦ ਉਹ ਪਿੰਡ ਭੈਣੀ ਦਰੇੜਾ ਨੇੜੇ ਸਰਕਾਰੀ ਸਕੂਲ ਦੇ ਕੋਲ ਪੁੱਜੀ ਤਾਂ ਬੇਕਾਬੂ ਹੋਈ ਕਾਰ ਨੇ ਸਾਹਮਣੇ ਤੋਂ ਸਕੂਲ ਨੂੰ ਆ ਰਹੀ ਵਿਦਿਆਰਥਣ ਹਰਮਿੰਦਰ ਕੌਰ ਪੁੱਤਰੀ ਸਤਪਾਲ ਸਿੰਘ ਵਾਸੀ ਬਸਰਾਉਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ । ਰਾਏਕੋਟ ਸਦਰ ਪੁਲੀਸ ਵੱਲੋਂ ਕਾਰ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ ਵਿੱਚ ਇੱਕ ਹਲਾਕ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੇ ਇਲਾਕੇ ਜਸਪਾਲ ਬਾਂਗਰ ਨੇੜੇ ਪੈਦਲ ਜਾ ਰਹੇ ਵਿਅਕਤੀ ਉੱਪਰ ਅਣਪਛਾਤਾ ਵਾਹਨ ਚੜ੍ਹ ਜਾਣ ਨਾਲ ਰਾਹਗੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਮਹਾਂਦੇਵ ਨਗਰ ਵਾਸੀ ਮਹੇਸ਼ ਗੁਪਤਾ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਰਜੇਸ਼ ਕੁਮਾਰ (42 ਸਾਲ) ਰਾਤ ਦੀ ਡਿਊਟੀ ਕਰਨ ਲਈ ਪੈਦਲ ਹੀ ਜਾ ਰਿਹਾ ਸੀ ਤਾਂ ਜਸਪਾਲ ਬਾਂਗਰ ਨੇੜੇ ਖ਼ਾਲਸਾ ਰਬੜ ਇੰਡਸਟਰੀ ਕੋਲ ਕਿਸੇ ਵਾਹਨ ਨੇ ਉਸ ਵਿੱਚ ਟੱਕਰ ਮਾਰੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।