ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਫਰਵਰੀ
ਵਿਧਾਨ ਸਭਾ ਹਲਕਾ ਉੱਤਰੀ ਤੋਂ ਕਾਂਗਰਸ ਤੋਂ ਬਾਗ਼ੀ ਹੋ ਕੇ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਰਮਨਜੀਤ ਲਾਲੀ ਦੇ ਹੱਕ ਵਿੱਚ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਦੀ ਅਗਵਾਈ ਹੇਠ ਔਰਤਾਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ।
ਅੱਜ ਮੁਹੱਲਾ ਕਾਰਾਬਾਰਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਦਲਜੀਤ ਕੌਰ ਨੇ ਹਲਕੇ ਦੇ ਵਿਕਾਸ ਲਈ ਲਾਲੀ ਵੱਲੋਂ ਤਿਆਰ ਕੀਤੇ ਵਿਜ਼ਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲਾਲੀ ਦਾ ਮਕਸਦ ਆਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਸੱਤਾ ਤੇ ਕਾਬਜ਼ ਪੂੰਜੀਪਤੀਆਂ ਦੇ ਰਾਜ ਨੂੰ ਖ਼ਤਮ ਕਰਨਾ ਹੈ ਇਸ ਲਈ ਚੋਣਾਂ ਵਿੱਚ ਆਮ ਆਦਮੀ ਦੀ ਪਹੁੰਚ ਸੱਤਾ ਦੇ ਗਲਿਆਰਿਆਂ ਤੱਕ ਬਣਾਉਣ ਲਈ ਬਾਬਾ ਸਾਹਿਬ ਬੀਆਰ ਅੰਬੇਡਕਰ ਦੇ ਸੁਫ਼ਨਿਆਂ ਨੂੰ ਪੂਰਾ ਕਰਦਿਆਂ ਸਹੀ ਸੋਚ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ। ਇਲਾਕਾ ਵਾਸੀਆਂ ਨੇ ਰਮਨਜੀਤ ਲਾਲੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਜਿੰਦਰ ਕੌਰ, ਮਨਜੀਤ ਕੌਰ, ਆਰਤੀ ਸ਼ਰਮਾ, ਸ਼ਵੇਤਾ, ਪਰਵਿੰਦਰ ਕੌਰ, ਤਜਿੰਦਰ ਕੌਰ, ਸੁਰਿੰਦਰ ਕੌਰ, ਬਲਬੀਰ ਕੌਰ ਵੀ ਹਾਜ਼ਰ ਸਨ।