ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਜ਼ਿਲ੍ਹਾ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਫ਼ਾਈ ਮੁਹਿੰਮ ਸ਼ੁਰੂ ਕਰਨ ਦੌਰਾਨ ਬੱਸ ਅੱਡੇ ਦੇ ਬਾਹਰ ਨਾਜਾਇਜ਼ ਤੌਰ ’ਤੇ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਬੱਸ ਅੱਡੇ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਸੀ ਜਿਸ ਦੌਰਾਨ 40 ਦੇ ਕਰੀਬ ਬੱਸਾਂ ਬੰਦ ਕਰਨ ਦੀ ਸੂਚਨਾ ਮਿਲੀ ਸੀ। ਇਸ ਮਾਮਲੇ ਸਬੰਧੀ ਅੱਜ ਟਰਾਂਸਪੋਰਟਰ ਆਰਟੀਏ ਨੂੰ ਮਿਲਣ ਪੁੱਜੇ ਅਤੇ ਗੱਡੀਆਂ ਛੱਡਣ ਦੀ ਅਪੀਲ ਕੀਤੀ।
ਇਸ ਦੌਰਾਨ ਆਰਟੀਏ ਨੇ ਟਰਾਂਸਪੋਰਟਰਾਂ ਨੂੰ ਕਿਹਾ ਕਿ ਜਿਸ ਥਾਂ ’ਤੇ ਪਹਿਲਾਂ ਬੱਸਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ, ਉੱਥੇ ਹੁਣ ਕੋਈ ਬੱਸ ਖੜ੍ਹੀ ਨਹੀਂ ਕਰ ਸਕਦਾ ਅਤੇ ਟੈਕਸ ਵੀ ਹੁਣ ਪਹਿਲਾਂ ਅਪਡੇਟ ਹੋਣਾ ਚਾਹੀਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਐਤਵਾਰ ਤੋਂ ਪਹਿਲਾਂ ਇਹ ਅਪਡੇਟ ਹੋਣਾ ਚਾਹੀਦਾ ਹੈ ਅਤੇ ਜੇਕਰ ਐਤਵਾਰ ਤੋਂ ਬਾਅਦ ਟੈਕਸ ਭਰਵਾ ਕੇ ਅਪਰੇਟਰ ਲਿਆਉਂਦੇ ਹਨ ਤਾਂ 55 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। ਇਸ ਸਬੰਧੀ ਅਪਰੇਟਰਾਂ ਨੂੰ ਹਲਫ਼ੀਆ ਬਿਆਨ ਵੀ ਬਣਾ ਕੇ ਦੇਣਾ ਪਵੇਗਾ।
ਦੂਜੇ ਪਾਸੇ ਬੱਸ ਅੱਡੇ ਅੰਦਰ ਪੱਖਿਆਂ ਦੀ ਗਿਣਤੀ ਘੱਟ ਦੇਖ ਕੇ ਟਰਾਂਸਪੋਰਟ ਮੰਤਰੀ ਨੇ ਇਹ ਹੁਕਮ ਵੀ ਦਿੱਤੇ ਸਨ ਕਿ ਜਿੱਥੇ ਪੱਖੇ ਨਹੀਂ ਲੱਗੇ ਹਨ, ਉੱਥੇ ਸ਼ਾਮ ਤੱਕ ਪੱਖੇ ਲਾਏ ਜਾਣ, ਪਰ ਹਾਲੇ ਵੀ ਉਸ ਜਗ੍ਹਾ ਸਿਰਫ਼ 1-2 ਪੱਖੇ ਹੀ ਲਾਏ ਗਏ ਹਨ।
ਦੂਜੇ ਪਾਸੇ, ਜੀਐੱਮ ਪੰਜਾਬ ਰੋਡਵੇਜ਼ ਰਛਪਾਲ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਸਫ਼ਾਈ ਕਰਵਾਈ ਗਈ ਹੈ।