ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਰਾਜ ਨਿਸ਼ਾਦ ਵਾਸੀ ਮਹਾਂ ਲਕਸ਼ਮੀ ਨਗਰ ਖ਼ਿਲਾਫ਼ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਰਾਜ ਨਿਸ਼ਾਦ ਦੇ ਗੁਆਂਢ ਵਿੱਚ ਰਹਿੰਦੀ ਮੋਤੀ ਦੇਵੀ ਪਤਨੀ ਚੰਦਰ ਰਾਮ ਕੁਮਾਰ ਨੇ ਪੁਲੀਸ ਨੂੰ ਦੱਸਿਆ ਹੈ ਕਿ ਰਾਜ ਨਿਸ਼ਾਦ ਸਤੰਬਰ ਵਿੱਚ ਆਪਣੀ ਪਤਨੀ ਕਿਰਨ ਦੇਵੀ (31 ਸਾਲ) ਤੇ ਦੋ ਛੋਟੇ ਬੱਚਿਆਂ ਸਮੇਤ ਮੁਹੱਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਆਇਆ ਸੀ। ਉਸ ਦੇ ਕਿਸੇ ਦੂਜੀ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦਾ ਆਪਣੀ ਪਤਨੀ ਨਾਲ ਕਲੇਸ਼ ਰਹਿੰਦਾ ਸੀ। ਬੀਤੀ ਦਿਨ ਉਨ੍ਹਾਂ ਦਾ ਆਪਸ ਵਿੱਚ ਮੁੜ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਸ ’ਤੇ ਉਸ ਨੇ ਆਪਣੀ ਪਤਨੀ ਦੀ ਮਾਰ ਕੁਟਾਈ ਕੀਤੀ ਅਤੇ ਉਸ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਮਾਰ ਦਿੱਤਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।