ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਬਰਸੀ ਦੀ ਯਾਦ ਵਿਚ ‘ਮਹਾਰਾਜਾ ਰਣਜੀਤ ਸਿੰਘ: ਪੰਜਾਬ ਦੇ ਸ਼ਾਸਕ’ ਵਿਸ਼ੇ ’ਤੇ ਕੌਮਾਂਤਰੀ ਵੈਬਿਨਾਰ ਕਰਵਾਇਆ ਗਿਆ। ਇਸ ਮੌਕੇ ਵਰਚੁਅਲ ਪ੍ਰੋਗਰਾਮ ਦੌਰਾਨ ਫਕੀਰ ਅਜ਼ੀਜ਼-ਉਦ-ਦੀਨ (ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ) ਅਤੇ ਫਕੀਰ ਖਾਨਾ ਮਿਊਜ਼ੀਅਮ, ਪਾਕਿਸਤਾਨ ਦੇ ਡਾਇਰੈਕਟਰ ਫਕੀਰ ਸਈਦ ਸੈਫੂਦੀਨ ਨੇ ਉਦਘਾਟਨੀ ਭਾਸ਼ਣ ਦਿੱਤਾ। ਅੱਜ ਦੇ ਸਰੋਤ ਵਿਅਕਤੀ ਪੀਏਯੂ ਦੇ ਪ੍ਰਮੁੱਖ ਮਿੱਟੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ, ਸਿੱਖ ਅਜਾਇਬ ਘਰ, ਯੂਕੇ, ਦੇ ਡਾਇਰੈਕਟਰ ਗੁਰਿੰਦਰ ਸਿੰਘ ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਚੇਅਰ ਦੇ ਸਾਬਕਾ ਚੇਅਰਮੈਨ ਪ੍ਰੋ. ਰਾਧਾ ਸ਼ਰਮਾ ਸਨ। ਪ੍ਰਧਾਨਗੀ ਭਾਸ਼ਣ ਸਾਬਕਾ ਪ੍ਰੋ. ਵਾਈਸ ਚਾਂਸਲਰ ਜੀਐੱਨਡੀਯੂ ਅੰਮ੍ਰਿਤਸਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਦਿੱਤਾ। ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੈਬਿਨਾਰ ਦਾ ਉਦੇਸ਼ ਪੰਜਾਬ ਦੇ ਅਮੀਰ ਇਤਿਹਾਸ ਬਾਰੇ ਗਿਆਨ ਦਾ ਪ੍ਰਚਾਰ ਕਰਨਾ ਅਤੇ ਖਾਲਸਾਈ ਰਾਜ ਦੇ ‘ਚੜ੍ਹਦੀ ਕਲਾ’ ਲਈ ਜੋ ਯੋਗਦਾਨ ਪਾਇਆ, ਉਸ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ।
ਉਦਘਾਟਨੀ ਭਾਸ਼ਣ ਵਿੱਚ, ਫਕੀਰ ਸਈਦ ਸੈਫੂਦੀਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਫਕੀਰ ਖਾਨਾ ਮਿਊਜ਼ਿਅਮ ਵਿੱਚ ਰੱਖੀਆਂ ਮੂਰਤੀਆਂ, ਕਲਾਕਾਰੀ ਅਤੇ ਮਾਡਲਾਂ ਨਾਲ ਸਰੋਤਿਆਂ ਨੂੰ ਜਾਣੂ ਕਰਵਾਇਆ। ਮਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਯੋਗ ਯੋਧਾ ਦੱਸਿਆ। ਉਸਨੇ ਮਹਾਰਾਜਾ ਦੇ ਸਮੇਂ ਵਰਤੀਆਂ ਜਾਂਦੀਆਂ ਕਲਾ, ਤੋਪਖਾਨੇ ਅਤੇ ਕਰੰਸੀ ਦੇ 3 ਡੀ ਮਾਡਲ ਦਿਖਾਏ। ਪ੍ਰੋ. ਸ਼ਰਮਾ ਨੇ ਦੱਸਿਆ ਕਿ ਮਹਾਰਾਜਾ ਨੇ ਸਿੱਖਿਆ ਦੇ ਖੇਤਰ ਵਿਚ ਅਗਾਂਹਵਧੂ ਕਦਮ ਪੁੱਟੇ ਸਨ। ਪ੍ਰੋ. ਕਪੂਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ‘ਇਤਿਹਾਸ ਦਾ ਸੁਨਹਿਰੀ ਦੌਰ’ ਕਿਹਾ। ਸਾਰੇ ਪਿਛੋਕੜ ਦੇ ਯੋਗ ਵਿਅਕਤੀ ਸਿੱਖ, ਹਿੰਦੂ, ਮੁਸਲਿਮ, ਈਸਾਈ ਅਤੇ ਯਹੂਦੀ ਸੀਨੀਅਰ ਅਹੁਦਿਆਂ ’ਤੇ ਸਲਾਹਕਾਰਾਂ, ਪ੍ਰਬੰਧਕਾਂ, ਦਰਬਾਰੀਆਂ, ਜਰਨੈਲਾਂ ਅਤੇ ਰਾਜਪਾਲਾਂ ਦੇ ਤੌਰ ’ਤੇ ਤਾਇਨਾਸ ਸਨ। ਇਸ ਮੌਕੇ ਕੌਂਸਲ ਦੇ ਆਨਰੇਰੀ ਜਨਰਲ ਸੈਕਟਰੀ ਅਰਵਿੰਦਰ ਸਿੰਘ ਅਤੇ ਵੈਬਿਨਾਰ ਦੀ ਡਾਇਰੈਕਟਰ ਡਾ. ਮਨਦੀਪ ਕੌਰ ਵੀ ਹਾਜ਼ਰ ਸਨ।