ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚ ਸਥਿਤ ਦੁਕਾਨ ਵਿੱਚ ਚੋਰੀ ਕਰਦੇ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਕੇ ਪੁਲੀਸ ਹਵਾਲੇ ਕੀਤਾ ਗਿਆ। ਡਾ. ਸ਼ਾਮ ਸਿੰਘ ਰੋਡ ਸਿਵਲ ਲਾਈਨ ਵਾਸੀ ਅਸ਼ੀਸ਼ ਭਾਟੀਆ ਨੇ ਦੱਸਿਆ ਹੈ ਕਿ ਉਸ ਦੀ ਸ਼ੇਰਪੁਰ ਚੌਕ ਵਿੱਚ ਅਸ਼ੀਸ਼ ਟਰੇਡਿੰਗ ਨਾਮ ਦੀ ਦੁਕਾਨ ਹੈ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਲਿੰਕ ਉਸ ਦੇ ਮੋਬਾਈਲ ਫੋਨ ਨਾਲ ਹੈ। ਬੀਤੀ ਰਾਤ ਮੋਬਾਇਲ ਫੋਨ ’ਤੇ ਉਸ ਨੇ ਕੈਮਰੇ ਚੈੱਕ ਕੀਤੇ ਪਤਾ ਲੱਗਾ ਕਿ ਦੋ ਜਣੇ ਉਸ ਦੀ ਦੁਕਾਨ ਵਿੱਚ ਚੋਰੀ ਕਰ ਰਹੇ ਹਨ। ਉਹ ਤੁਰੰਤ ਆਪਣੇ ਭਰਾ ਵਿਨੀਤ ਭਾਟੀਆ ਨੂੰ ਲੈ ਕੇ ਮੌਕੇ ’ਤੇ ਪੁੱਜਾ ਤਾਂ ਦੋ ਜਣੇ ਦੁਕਾਨ ਵਿੱਚੋਂ ਐੱਲਸੀਡੀ ਉਤਾਰ ਕੇ ਜਾਣ ਲੱਗੇ ਸਨ। ਉਨ੍ਹਾਂ ਤੁਰੰਤ ਅੰਕਿਤ ਕੁਮਾਰ ਵਾਸੀ ਰਣਜੀਤ ਨਗਰ ਸ਼ੇਰਪੁਰ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ ਸਚਿਨ ਫ਼ਰਾਰ ਗਿਆ। ਜਾਂਚ ਅਧਿਕਾਰੀ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ