ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਗਸਤ
ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਇਕ ਘਰ ਅੰਦਰ ਦਾਖ਼ਲ ਹੋ ਕੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ ਹਨ ਜਦਕਿ ਇਕ ਹੋਰ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਪਾਵਰਕੌਮ ਦਫਤਰ ਦਾ ਸਾਮਾਨ ਵੀ ਚੋਰੀ ਕੀਤਾ ਹੈ। ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਰੋੜ ਵਾਸੀ ਮੇਵਾ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਰਾਤ ਨੂੰ ਘਰ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ ਤਾਂ ਨਾਮਲੂਮ ਵਿਅਕਤੀ ਘਰ ਦੀ ਪਿਛਲੀ ਕੰਧ ਵਿੱਚ ਪਾੜ ਲਾ ਕੇ ਘਰ ਅੰਦਰ ਦਾਖ਼ਲ ਹੋ ਗਏ।
ਉਨ੍ਹਾਂ ਇਕ ਕਮਰੇ ਵਿੱਚ ਪਈ ਪੇਟੀ ਤੇ ਅਲਮਾਰੀ ਦੇ ਜਿੰਦਰੇ ਤੋੜ ਕੇ ਉਨ੍ਹਾਂ ਵਿੱਚ ਰੱਖੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ, ਤਿੰਨ ਜੋੜੇ ਸੋਨੇ ਦੀਆਂ ਵਾਲੀਆਂ, ਦੋ ਸੈੱਟ ਸੋਨੇ ਦੇ, ਇੱਕ ਕੜਾ ਸੋਨੇ ਦਾ, ਚਾਂਦੀ ਦੇ ਗਹਿਣੇ, 35 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਨਿੱਕ ਸੁੱਕ ਚੋਰੀ ਕਰਕੇ ਲੈ ਗਏ। ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਉਪ ਮੰਡਲ ਦਫਤਰ ਹੰਬੜਾਂ ਦੇ ਜੇਈ ਗਗਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਪਾਵਰਕੌਮ ਹੰਬੜਾ ਦੇ ਕਮਰਾ ਨੰਬਰ ਛੇ ਦੀ ਖਿੜਕੀ ਤੋੜ ਕੇ ਅੰਦਰੋਂ ਪਿਆ ਪੋਲੀਮਰ ਡਿਸਕ ਇੰਸੂਲੇਟਰ, ਐਮਸ ਨੱਟ ਬੋਲਟ 60 ਕਿੱਲੋ, ਗਿਆਰਾਂ ਕੇਵੀ ਆਊਟ ਡੋਰ ਬਕਸੇ, 400 ਏਐਮਪੀ ਦੇ ਸੈੱਟ, ਪੀਵੀਸੀ 300 ਮੀਟਰ ਅਤੇ ਅਰਥ ਸਟਿੱਕਾਂ ਚੋਰੀ ਕਰਕੇ ਲੈ ਗਏ ਹਨ। ਹੌਲਦਾਰ ਜੀਤੂ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।