ਸਤਵਿੰਦਰ ਬਸਰਾ
ਲੁਧਿਆਣਾ, 7 ਨਵੰਬਰ
ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਦਾ ਬੁੱਤ ਪੰਜਾਬੀ ਭਵਨ ਕੰਪਲੈਕਸ ਦੇ ਬਾਹਰ ਸੜਕ ਦੇ ਕਿਨਾਰੇ ’ਤੇ ਸਥਾਪਤ ਕੀਤਾ ਗਿਆ ਹੈ ਜਿਸ ਦੀ ਘੁੰਡ ਚੁਕਾਈ ਦੀ ਰਸਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸਪੀਐੱਸ ਓਬਰਾਏ ਨੇ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਸ੍ਰੀ ਭੰਵਰਾ ਦੇ ਗੱਦੀ ਨਸ਼ੀਨ ਬਾਬਾ ਜ਼ੋਰਾ ਸਿੰਘ ਧਰਮਕੋਟ ਅਤੇ ਉਸਤਾਦ ਭੰਵਰਾ ਦੇ ਪਰਿਵਾਰਕ ਮੈਂਬਰ ਨੀਨੂ ਭੰਵਰਾ ਹਾਜ਼ਰ ਸਨ। ਉਦਘਾਟਨ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਉਸਤਾਦ ਭੰਵਰਾ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਅੰਤਿਮ ਸਾਹਾਂ ਤਕ ਸਿਖਿਆਰਥੀਆਂ, ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਦੀ ਸਿੱਖਿਆ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਬੁੱਤ ਦੇ ਸਥਾਪਤ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸਤਾਦ ਭੰਵਰਾ ਦੀ ਸਰਬਪੱਖੀ ਸ਼ਖ਼ਸੀਅਤ ਬਾਰੇ ਜਾਣਕਾਰੀ ਮਿਲੇਗੀ। ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਦੇ ਪਰਮਮਿੱਤਰ ਲੋਕਗਾਇਕ ਅਤੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਇਸ ਸਬੰਧ ਵਿਚ ਗੱਲ ਕੀਤੀ ਤਾਂ ਉਨ੍ਹਾਂ ਉਸੇ ਵਕਤ ਇਸ ਦੀ ਸਹਿਮਤੀ ਦੇ ਦਿੱਤੀ ਸੀ। ਸੰਸਥਾ ਦੇ ਚੇਅਰਮੈਨ ਇਕਬਾਲ ਸਿੰਘ ਗਿੱਲ ਆਈਪੀਐੱਸ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ, ਜਨਰਲ ਸਕੱਤਰ ਚੰਦਰ ਭਨੋਟ ਨੇ ਕਿਹਾ ਕਿ ਉਸਤਾਦ ਭੰਵਰਾ ਤੋਂ ਸੰਗੀਤ ਦਾ ਗਿਆਨ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਗੁਰਦਾਸ ਮਾਨ ਅਤੇ ਹੋਰ ਪ੍ਰਮੁੱਖ ਗਾਇਕ ਸ਼ਾਮਲ ਹਨ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਲੋਕ ਗਾਇਕ ਸੁਰਿੰਦਰ ਛਿੰਦਾ, ਗੁਲਸ਼ਨ ਕੋਮਲ, ਪਾਲੀ ਦੇਤਵਾਲੀਆ, ਸੁਖਵਿੰਦਰ ਸੁੱਖੀ, ਜਸਵੰਤ ਸੰਦੀਲਾ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਅਮਰੀਕ ਸਿੰਘ ਤਲਵੰਡੀ, ਦਵਿੰਦਰ ਦਿਆਲਪੁਰੀ ਹਾਜ਼ਰ ਸਨ।