ਦੇਵਿੰਦਰ ਸਿੰਘ ਜੱਗੀ
ਪਾਇਲ, 22 ਜੁਲਾਈ
ਮਹਿਕਮੇ ਵੱਲੋਂ ਰਾੜਾ ਸਾਹਿਬ ਡਰੇਨ ਦੀ ਸਫ਼ਾਈ ਨਾ ਕਰਨ ਦੀ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਕਾਸ਼ਿਤ ਖ਼ਬਰ ’ਤੇ ਅਸਰ ਕਰਦਿਆਂ ਮਹਿਕਮਾ ਤੁਰੰਤ ਹਰਕਤ ਵਿੱਚ ਆ ਗਿਆ, ਜਿਸਨੇ ਜੇਸੀਬੀ ਮਸ਼ੀਨ ਨਾਲ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਬੀਬੀਕੇ ਡਰੇਨ ਰਾੜਾ ਸਾਹਿਬ ਵਿੱਚ ਡਰੇਨ ਦੀ ਸਫਾਈ ਨਾ ਹੋਣ ਕਾਰਨ, ਡਰੇਨ ਦੇ ਵਿੱਚ ਪਾੜ ਪੈਣ ਕਰਕੇ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੱਡੇ ਪੱਧਰ ’ਤੇ ਆ ਗਿਆ, ਜਿਸ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਪਾਣੀ ਦੇ ਵਿੱਚ ਡੁੱਬ ਗਈ ਸੀ ਤੇ ਪਾਣੀ ਭਰ ਜਾਣ ਕਾਰਨ ਫ਼ਸਲ ਬਰਬਾਦ ਹੋਣ ਦੀ ਕਗਾਰ ’ਤੇ ਹੈ। ਬੀਕੇਯੂ ਵੱਲੋਂ ਇਹ ਮੁੱਦਾ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਦੇ ਧਿਆਨ ‘ਚ ਲਿਆਂਦਾ ਗਿਆ ਅਤੇ ਸਬੰਧਤ ਡਰੇਨ ਵਿਭਾਗ ਦੇ ਅਫ਼ਸਰਾਂ ਨਾਲ ਸੰਪਰਕ ਕੀਤਾ ਗਿਆ। ਵਿਭਾਗ ਦੇ ਅਫ਼ਸਰਾਂ ਨੇ ਭਰੋਸਾ ਦਿਵਾਇਆ ਸੀ ਜਲਦ ਸਫ਼ਾਈ ਸ਼ੁਰੂ ਕੀਤੀ ਜਾਵੇਗੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਾਏ ਦਬਾਅ ਕਾਰਨ ਸਾਰੇ ਅਫ਼ਸਰ ਮੌਕੇ ’ਤੇ ਪਹੁੰਚੇ ਅਤੇ ਸਫ਼ਾਈ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਗਿਆ।